ਗੁਰਦਾਸਪੁਰ :ਸੰਨੀ ਦਿਓਲ ਨੇ ਆਪਣਾ ਰਾਜਨੀਤਕ ਕੈਰੀਅਰ ਸ਼ੁਰੂ ਕਰਦਿਆਂ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਜਿੱਤਿਆ ਸੀ। ਲੋਕਾਂ ਨੇ ਉਮੀਦ ਜਤਾਈ ਸੀ ਕਿ ਵਿਨੋਦ ਖੰਨਾ ਦੀ ਤਰ੍ਹਾਂ ਉਹ ਵੀ ਹਲਕੇ ਦੇ ਵਿਕਾਸ ਲਈ ਕੁਝ ਵੱਖਰਾ ਕਰ ਕੇ ਦਿਖਾਉਣਗੇ। ਸੰਨੀ ਦਿਓਲ ਨੇ ਵੀ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਇਸੇ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਨੇ ਉਨ੍ਹਾਂ ਨੂੰ 84 ਹਜ਼ਾਰ ਦੀ ਭਾਰੀ ਲੀਡ ਨਾਲ ਜਿਤਾਇਆ ਸੀ ਪਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ ਸੰਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਦਿਖਾਉਣਾ ਜਰੂਰੀ ਨਹੀਂ ਸਮਝਿਆ।
ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ:ਲਗਭਗ 4 ਸਾਲਾਂ ਤੋਂ ਹਲਕੇ ਵਿੱਚ ਸੰਨੀ ਦਿਓਲ ਨਹੀਂ ਆਏ। ਲੋਕ ਸਭਾ ਦੇ ਸੈਸ਼ਨ ਵਿੱਚ ਵੀ ਜਿਆਦਾਤਰ ਗੈਰਹਾਜ਼ਿਰ ਦਿਖਾਈ ਦਿੱਤੇ ਹਨ। ਜਦੋਂਕਿ ਲੋਕਾਂ ਨੂੰ ਉਮੀਦ ਸੀ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਸੈਸ਼ਨ ਵਿੱਚ ਚੁੱਕਣਗੇ। ਸੰਨੀ ਦਿਓਲ ਦੇ ਅਜਿਹੇ ਰਵੱਈਏ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਦੇ ਇਕ ਨੌਜਵਾਨ ਅਮਰਜੋਤ ਸਿੰਘ ਨੇ ਸੰਨੀ ਦਿਓਲ ਦੇ ਖ਼ਿਲਾਫ ਮੋਰਚਾ ਖੋਲ੍ਹਿਆ ਹੋਇਆਂ ਹੈ। ਇੱਸ ਨੌਜਵਾਨ ਨੇ ਪਹਿਲਾਂ ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਕੇ ਸੰਨੀ ਦਿਓਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਸ ਨੌਜਵਾਨ ਨੇ ਸੰਨੀ ਦਿਓਲ ਕੋਲੋਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲਦੀ ਤਨਖਾਹ ਅਤੇ ਸਰਕਾਰੀ ਭੱਤੇ ਬੰਦ ਕਰਨ ਦੀ ਮੰਗ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ।