ਗੁਰਦਾਸਪੁਰ:ਪਿਛਲੇ ਦਿਨੀ ਗੁਰਦਾਸਪੁਰ ਦੇ ਪਿੰਡ ਕਾਲੂ ਸੋਹਲ ਦੇ ਇਕ ਪਰਿਵਾਰ ਦੀ ਔਰਤ ਸ਼ਰਨਜੀਤ ਕੌਰ ਵੱਲੋਂ ਸੋਸ਼ਲ ਮੀਡੀਆ ‘ਤੇ ਅਪੀਲ ਕੀਤੀ ਗਈ ਸੀ ਕਿ ਉਸ ਦੇ ਬੱਚੇ 15 ਰੁਪਏ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹਨ। ਇਸ ਸਬੰਧੀ ਜਦੋਂ ਇਸ ਪਰਿਵਾਰ ਨਾਲ ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਪਹੁੰਚ ਕੀਤੀ ਤਾਂ ਇਹ ਦੇਖਣ ਨੂੰ ਮਿਲਿਆ ਕਿ ਸ਼ਰਨਜੀਤ ਕੌਰ ਦਾ ਪਤੀ ਬਿਮਾਰ ਹੈ ਅਤੇ ਇਹ ਗਰੀਬ ਪਰਿਵਾਰ ਇਕ ਤਰਪਾਲ ਦੇ ਥੱਲੇ ਰਹਿਣ ਲਈ ਮਜਬੂਰ ਹੈ।
ਖੁਦ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਲੰਬੇ ਸਮੇ ਤੋਂ ਬਿਮਾਰ ਹੈ ਜਦਕਿ ਉਸ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਸਰਕਾਰ ਵਲੋਂ ਜਾਰੀ ਬੀਮਾ ਕਾਰਡ ‘ਤੇ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੁਝ ਐਸੇ ਟੈਸਟ ਹਨ ਜੋ ਉਨ੍ਹਾਂ ਨੂੰ ਪੈਸੇ ਖਰਚ ਕਰ ਦੇਣੇ ਪੈ ਰਹੇ ਹਨ ਪਰ ਜੋ ਪੈਸੇ ਖਰਚ ਹੋ ਰਹੇ ਹਨ ਉਨ੍ਹਾਂ ਦੀ ਸਮੱਰਥਾ ਉਨ੍ਹਾਂ ਕੋਲ ਨਹੀਂ ਹੈ।
ਉਧਰ ਸ਼ਰਨਜੀਤ ਕੌਰ ਦੇ ਘਰ ਪਹੁੰਚੇ ਸਰਪੰਚ ਅਤੇ ਪੰਚਾਇਤ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਹੈ ਅਤੇ ਇਸ ਦੇ ਘਰ ਦੀ ਛੱਤ ਢਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਵੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਪਰਿਵਾਰ ਨੂੰ ਸਰਕਾਰੀ ਪੱਕੇ ਘਰ ਬਣਾਉਣ ਦੀ ਗ੍ਰਾਂਟ ਮਿਲ ਸਕੇ।