ਦਿਨ-ਦਿਹਾੜੇ ਲੁਟੇਰਿਆਂ ਨੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ... ਗੁਰਦਾਸਪੁਰ :ਸ਼ਹਿਰ ਦੇ ਭੀੜ ਵਾਲੇ ਇਲਾਕੇ ਬਹਿਰਾਮਪੁਰ ਰੋਡ ਤੋਂ ਮੋਟਰਸਾਈਕਲ ਉਤੇ ਆਏ ਦੋ ਲੁਟੇਰੇ ਦਿਨ ਦਿਹਾੜੇ 75 ਸਾਲਾ ਇਕ ਔਰਤ ਦੀਆਂ ਵਾਲੀਆਂ ਝਪਟ ਕੇ ਲੈ ਗਏ। ਪੀੜਤ ਔਰਤ ਅਨੁਸਾਰ ਇਨ੍ਹਾਂ ਝਪਟਮਾਰਾਂ ਵਿੱਚੋਂ ਇਕ ਵੱਡੀ ਉਮਰ ਦਾ ਵਿਅਕਤੀ ਸੀ, ਜਦਕਿ ਦੂਸਰਾ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਹ ਨੌਜਵਾਨ ਸੀ। ਦੋਵੇਂ ਵਿਅਕਤੀ ਸੀਸੀਟੀਵੀ ਵਿੱਚ ਵੀ ਕੈਦ ਹੋਏ ਹਨ। ਜਾਣਕਾਰੀ ਦਿੰਦਿਆਂ ਬਹਿਰਾਮਪੁਰ ਰੋਡ ਨਿਵਾਸੀ ਗੋਦਾਵਰੀ ਪੱਤਨੀ ਦਰਸ਼ਨ ਲਾਲ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਦੇ ਕਰੀਬ ਕੁਝ ਲੈਣ ਲਈ ਘਰ ਤੋਂ ਬਾਹਰ ਆਈ ਸੀ। ਕੁਝ ਦੇਰ ਬਾਅਦ ਇਕ ਬਜ਼ੁਰਗ ਵਿਅਕਤੀ ਆਇਆ ਅਤੇ ਉਸ ਦੇ ਮੂੰਹ ਅੱਗੇ ਇੱਕ ਪੋਟਲੀ ਘੁਮਾਈ ਜਿਸ ਕਾਰਨ ਕੁਝ ਹੀ ਸੈਕਿੰਡਾਂ ਵਿੱਚ ਉਹ ਬੇਹੋਸ਼ ਹੋ ਗਈ। ਲਗਭਗ 10 ਮਿੰਟ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਨੇੜੇ ਖੜ੍ਹੇ ਆਪਣੇ ਰਿਸ਼ਤੇਦਾਰ ਪਰਵੀਨ ਕੁਮਾਰ ਨੂੰ ਬਾਬੇ ਨੂੰ ਫੜਨ ਲਈ ਕਿਹਾ ਪਰ ਬਾਬਾ ਨੌਜਵਾਨ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ :BKU Knocks Controversy: ਬੀਕੇਯੂ ਡਕੌਂਦਾ ਵਿਵਾਦ ਵਧਿਆ, ਧਨੇਰ ਧੜੇ ਨੇ ਨਵੀਂ ਟੀਮ ਦਾ ਕੀਤਾ ਐਲਾਨ
ਝਪਟਮਾਰਾਂ ਨੂੰ ਫੜਨ ਦੀ ਕੋਸ਼ਿਸ਼ :ਦੂਜੇ ਪਾਸੇ ਪੀੜਤ ਔਰਤ ਗੋਦਾਵਰੀ ਦੇ ਰਿਸ਼ਤੇਦਾਰ ਪਰਵੀਨ ਕੁਮਾਰ ਨੇ ਦੱਸਿਆ ਕਿ ਉਹ ਕੇਬਲ ਦਾ ਕੰਮ ਕਰਦਾ ਹੈ ਅਤੇ ਇੱਕ ਕੰਪਲੇਂਟ ਠੀਕ ਕਰ ਕੇ ਘਰ ਵਾਪਸ ਆਇਆ ਤਾਂ ਬਾਹਰ ਸੜਕ ਉਤੇ ਉਸਦੀ ਭਰਜਾਈ ਗੋਦਾਵਰੀ ਖੜ੍ਹੀ ਸੀ। ਉਸ ਦੇ ਨੇੜੇ ਬਾਬਾ ਖੜਾ ਸੀ, ਜਿਸ ਨਾਲ ਉਸ ਨੇ ਗੱਲਬਾਤ ਵੀ ਕੀਤੀ ਪਰ ਜਦੋਂ ਉਹ ਆਪਣੀ ਭਰਜਾਈ ਨਾਲ ਗੱਲ ਕਰਨ ਲੱਗਾ ਤਾਂ ਉਸ ਨੇ ਕਿਹਾ ਕਿ ਬਾਬੇ ਨੂੰ ਫੜੋ। ਜਦੋਂ ਉਸ ਨੇ ਬਾਬੇ ਨੂੰ ਕਮੀਜ਼ ਤੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਮੋਟਰਸਾਇਕਲ ਉਤੇ ਬੈਠ ਕੇ ਨੌਜਵਾਨ ਨਾਲ ਫਰਾਰ ਹੋ ਗਿਆ। ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ :New recruitment process of Indian Army : ਫੌਜ ਦੀ ਭਰਤੀ ਪ੍ਰਕਿਰਿਆ 'ਚ ਬਦਲਾਅ, ਪਹਿਲਾਂ ਪ੍ਰੀਖਿਆ ਫਿਰ ਸਰੀਰਕ ਟੈਸਟ, 15 ਮਾਰਚ ਤੱਕ ਰਜਿਸਟ੍ਰੇਸ਼ਨ
ਘਟਨਾ ਸੀਸੀਟੀਵੀ ਵਿਚ ਕੈਦ :ਉਸ ਨੇ ਦੱਸਿਆ ਕਿ ਉਹ ਆਪਣੀ ਭਰਜਾਈ ਗੋਦਾਵਰੀ ਨੂੰ ਨਾਲ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਗਿਆ ਅਤੇ ਪੁਲਿਸ ਨੂੰ ਸਾਰੀ ਗੱਲਬਾਤ ਦੱਸੀ। ਨੇੜੇ ਦੇ ਸੀਸੀਟੀਵੀ ਕੈਮਰਿਆਂ ਵਿਚ ਉਕਤ ਸਾਰੀ ਵਾਰਦਾਤ ਕੈਦ ਹੋ ਗਈ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਇਸ ਰੋਡ ਉਤੇ ਗੁਰਦਾਸਪੁਰ ਪਬਲਿਕ ਸਕੂਲ ਦੇ ਨੇੜੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਵੜ ਕੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਗੱਲੇ ਵਿੱਚੋ ਸ਼ਰੇਆਮ ਦੋ ਹਜ਼ਾਰ ਰੁਪਏ ਕੱਢ ਕੇ ਲੈ ਗਿਆ ਸੀ, ਜਦੋਂ ਦੁਕਾਨਦਾਰ ਕੁਝ ਹੀ ਮਿੰਟ ਲਈ ਦੁਕਾਨ ਛੱਡ ਕੇ ਗਿਆ ਸੀ।