ਗੁਰਦਾਸਪੁਰ: ਭੱਠਾ ਮਾਲਕਾਂ ਵੱਲੋਂ ਅਕਸਰ ਹੀ ਮਜ਼ਦੂਰਾਂ ਨੂੰ ਇਨਸਾਨ ਨਹੀਂ ਜਾਨਵਰ ਜਾਂ ਫਿਰ ਆਪਣਾ ਗੁਲਾਮ ਸਮਝਿਆ ਜਾਂਦਾ ਹੈ।ਸਖ਼ਤ ਕਾਨੂੰਨ ਬਣਾਏ ਜਾਣ ਤੋਂ ਬਾਅਦ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਪਾਹੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਭੱਠਾ ਮਾਲਕ ਵੱਲੋਂ ਗਰੀਬ ਪਰਿਵਾਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਨਾਲ ਹੀ ਪਰਿਵਾਰਾਂ ਉੱਪਰ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ। ਭੱਠਾ ਮਾਲਕ ਵਲੋਂ ਆਪਣੇ ਉੱਚੇ ਰਸੂਖ ਦੇ ਚਲਦੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਉੱਪਰ ਕਾਫੀ ਜੁਲਮ ਕੀਤਾ ਜਾਂਦਾ ਹੈ । ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਭੱਠਾ ਮਾਲਕ ਨੇ ਕਾਨੂੰਨ ਦਾ ਡਰ ਨਹੀਂ ਮੰਨਿਆ।
ਪ੍ਰਸ਼ਾਸਨ ਕੋਲ ਮਦਦ ਦੀ ਅਪੀਲ਼: ਇਨ੍ਹਾਂ ਬੰਧੂਆਂ ਮਜ਼ਦੂਰਾਂ ਵੱਲੋਂ ਡੀਸੀ ਕੋਲ ਮਦਦ ਦੀ ਗੁਹਾਰ ਲਗਾਈ ਗਈ ਸੀ ਕਿ ਇਨ੍ਹਾਂ ਨੂੰ ਇਸ ਭੱਠਾ ਮਾਲਕ ਦੇ ਕੋਲੋਂ ਆਜ਼ਾਦ ਕਰਵਾਇਆ ਜਾਵੇ। ਇਨ੍ਹਾਂ ਦੀ ਗੁਹਾਰ 'ਤੇ ਕਾਰਵਾਈ ਕਰਦੇ ਹੋਏ ਡੀਸੀ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਭੱਠਾ ਮਾਲਕ ਨੂੰ ਇੰਨਾਂ੍ਹ ਮਜ਼ਦੂਰਾਂ ਨੂੰ ਰਿਹਾਅ ਕਰਨ ਲਈ ਆਖਿਆ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਾਣਦੇ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਸਗੋਂ 25-30 ਬੰਦਿਆਂ ਨੇ ਉਨ੍ਹਾਂ ਨੂੰ ਹੋਰ ਵੀ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ ਭੱਠਾ ਮਾਲਕ ਵੱਲੋਂ ਰਿਹਾਈ ਲਈ 3 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
1976 ਐਕਟ :ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਬੰਧੂਆ ਮਜ਼ਦੂਰੀ ਦੇ ਖ਼ਿਲਾਫ ਬੰਧੂਆ ਮਜ਼ਦੂਰੀ ਪ੍ਰਥਾ ਨਿਵਾਰਨ 1976 ਐਕਟ ਬਣਾਇਆ ਗਿਆ ਹੈ। ਇਸ ਐਕਟ ਜਰੀਏ ਕਿਹਾ ਗਿਆ ਹੈ ਕਿ ਤੁਸੀਂ ਕਿਸੇ ਨੂੰ ਬੰਧੂਆ ਮਜ਼ਦੂਰ ਨਹੀਂ ਬਣਾ ਸਕਦੇ । ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਅਤੇ ਅੱਤਿਆਚਾਰ ਨਿਵਾਰਨ ਕਾਨੂੰਨ 2015 ਤਹਿਤ ਜੇਕਰ ਤੁਸੀਂ ਕਿਸੇ ਤੋਂ ਬੰਧੂਆ ਮਜ਼ਦੂਰੀ ਕਰਦੇ ਪਾਏ ਗਏ ਤਾਂ ਤੁਹਾਡੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇਸ ਭੱਠਾ ਮਾਲਕ ਨੂੰ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ।