ਬਟਾਲਾ :ਅਕਸਰ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਲੋਕ ਆਪਣਾ ਅਸਲਾ ਸਾਫ਼ ਕਰਦੇ ਹੋਣ ਤੇ ਇਸੇ ਦੌਰਾਨ ਗੋਲੀ ਚੱਲ ਜਾਵੇ। ਇਸ ਹਾਦਸੇ ਵਿਚ ਕਈ ਲੋਕਾਂ ਦੀ ਜਾਨ ਵੀ ਗਈ ਤੇ ਕਈ ਆਪਣੇ ਸਰੀਰ ਤੋਂ ਬੱਜਾਰਤ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਦੇ ਆਪਣਾ ਅਸਲਾ ਸਾਫ ਕਰਦਿਆਂ ਗੋਲੀ ਚੱਲ ਗਈ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਅਨੁਸਾਰ ਬਟਾਲਾ ਦੇ ਸਿਵਲ ਲਾਇਨ ਥਾਣਾ ਵਿਚ ਉਦੋਂ ਹਫੜਾ-ਦਫੜੀ ਮਚ ਗਈ ਜਦ ਅਚਾਨਕ ਇਕ ਸਬ-ਇੰਸਪੈਕਟਰ ਦੀ ਪਿਸਤੌਲ ਸਾਫ ਕਰਦੇ ਖੁਦ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਇਸ ਉਪਰੰਤ ਤੁਰੰਤ ਉਕਤ ਸਬ-ਇੰਸਪੈਕਟਰ ਨੂੰ ਹਸਪਤਾਲ ਵਿਖੇ ਲਾਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਵੱਲੋਂ ਇਲਾਜ ਜਾਰੀ ਹੈ।
ਰਿਵਾਲਰ ਸਾਫ਼ ਕਰਵਾਉਣ ਸਮੇਂ ਚੱਲੀ ਗੋਲੀ :ਜਾਣਕਾਰੀ ਅਨੁਸਾਰ ਬਟਾਲਾ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਹਰਜੀਤ ਸਿੰਘ, ਜੋਕਿ ਡਿਊਟੀ ਦੌਰਾਨ ਸ਼ਾਮ ਦੇ ਸਮੇਂ ਆਪਣੀ ਹੀ ਰਿਵਾਲਵਰ ਨੂੰ ਸਾਫ ਕਰਵਾਉਣ ਲਈ ਟ੍ਰੈਫਿਕ ਪੁਲਿਸ ਦਫਤਰ ਅਤੇ ਐਸਐਸਪੀ ਬਟਾਲਾ ਦੇ ਦਫਤਰ ਦੇ ਨਜ਼ਦੀਕ ਸਥਿਤ ਸਿਵਲ ਲਾਈਨ ਥਾਣੇ ਵਿੱਚ ਗਏ। ਇਸ ਦੌਰਾਨ ਅਚਾਨਕ ਆਪਣੀ ਸਰਵਿਸ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲ ਗਈ ਅਤੇ ਗੋਲੀ ਹਰਜੀਤ ਸਿੰਘ ਦੇ ਜਬਾੜੇ ਵਿੱਚ ਲੱਗ ਗਈ। ਹਾਲਤ ਗੰਭੀਰ ਦੇਖ ਉਥੇ ਮੌਜੂਦ ਸਟਾਫ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਜ਼ਖਮੀ ਹਾਲਤ ਵਿੱਚ ਹਰਜੀਤ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।