ਪੰਜਾਬ

punjab

ETV Bharat / state

ਮਹਿਲਾ ਸਬ ਇੰਸਪੈਕਟਰ ਗੁਰਪ੍ਰੀਤ ਕੌਰ, ਵੇਖੋ 'ਮਿਹਨਤੀ ਤੇ ਜਜ਼ਬੇ' ਦੀ ਇਹ ਕਹਾਣੀ - gurdaspur story

ਪਿਤਾ ਦੀ ਮੌਤ ਤੋਂ ਬਾਅਦ ਮਿਹਨਤ ਅਤੇ ਸ਼ੰਘਰਸ਼ ਕਰ ਮਹਿਲਾ ਸਬ ਇੰਸਪੈਕਟਰ ਬਣੀ ਜੋ ਕਿ ਗੁਰਦਾਸਪੁਰ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ। ਪਰ, ਇੱਥੇ ਤੱਕ ਪਹੁੰਚਣਾ ਉਸ ਲਈ ਸੌਖਾ ਨਹੀਂ ਸੀ, ਵੇਖੋ ਉਸ ਦੇ ਜੀਵਨ ਤੇ ਮਿਹਨਤ ਦੀ ਕਹਾਣੀ..

sub inspector gurpreet kaur, women's day
ਫ਼ੋਟੋ

By

Published : Mar 9, 2020, 8:54 PM IST

ਗੁਰਦਾਸਪੁਰ: ਮਹਿਲਾ ਦੀ ਸ਼ਕਤੀ ਅੱਗੇ ਕੋਈ ਵੀ ਨਹੀਂ ਖੜ ਸਕਦਾ, ਫਿਰ ਮੁਸ਼ਕਲਾਂ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਹੋਣ। ਜੇਕਰ, ਮਹਿਲਾ ਨੇ ਆਪਣੇ ਜੀਵਨ ਵਿੱਚ ਇੱਕ ਟੀਚਾ ਮਿੱਥ ਲਿਆ, ਤਾਂ ਉਹ ਉਸ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੀਆਂ ਹਨ। ਅਜਿਹੀ ਹੀ ਮਹਿਲਾ ਨਾਲ ਅੱਜ ਗੱਲਬਾਤ ਕਰ ਰਹੀ ਹੈ ਈਟੀਵੀ ਭਾਰਤ ਦੀ ਟੀਮ, ਜੋ ਕਿ ਗੁਰਦਾਸਪੁਰ ਵਿੱਚ ਮਹਿਲਾ ਸਬ ਇੰਸਪੈਕਟਰ ਵਜੋਂ ਤਾਇਨਾਤ ਹੈ। ਪਰ, ਇਸ ਦਰਜੇ ਤਕ ਪਹੁੰਚਣ ਲਈ ਮਹਿਲਾ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਕਿਵੇਂ ਮਿਹਨਤ ਕੀਤੀ ਹੈ, ਵੇਖੋ ਮਿਹਨਤ ਤੇ ਜਜ਼ਬੇ ਦੀ ਇਹ ਖ਼ਾਸ ਪੇਸ਼ਕਸ਼..

ਗੁਰਦਾਸਪੁਰ ਵਿੱਚ ਤਾਇਨਾਤ ਮਹਿਲਾ ਪੁਲਿਸ ਅਫ਼ਸਰ ਗੁਰਪ੍ਰੀਤ ਕੌਰ ਦਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤੋਂ ਹੀ ਸ਼ੰਘਰਸ਼ ਜਾਰੀ ਰਿਹਾ ਹੈ। ਪਰਿਵਾਰਕ ਜਿੰਮੇਵਾਰੀਆ ਨੂੰ ਬਾਖੂਬੀ ਨਿਭਾਉਂਦੇ ਹੋਏ ਅੱਜ ਉਹ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਡਿਊਟੀ ਨਿਭਾ ਰਹੀ ਹੈ।

ਮਿਹਨਤ ਤੇ ਜਜ਼ਬੇ ਦੀ ਮਿਸਾਲ, ਮਹਿਲਾ ਸਬ ਇੰਸਪੈਕਟਰ ਗੁਰਪ੍ਰੀਤ ਕੌਰ।

ਗੁਰਪ੍ਰੀਤ ਕੌਰ 7 ਵੀਂ ਕਲਾਸ ਵਿੱਚ ਪੜ੍ਹਾਈ ਕਰਦੀ ਸੀ, ਜਦ ਉਸ ਦੇ ਫੌਜ ਚੋਂ ਰਿਟਾਇਰ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰ ਵਿੱਚ ਸਭ ਤੋਂ ਵੱਡੀ ਹੋਣ ਕਾਰਨ ਘਰ ਦੀ ਸਾਰੀ ਜਿੰਮੇਵਾਰੀ ਉਸ ਉੱਪਰ ਆ ਗਈ, ਪਰ ਮਿਹਨਤ ਅਤੇ ਸ਼ੰਘਰਸ਼ ਸਦਕਾ ਉਸ ਨੇ ਆਪਣੀਆਂ ਜਿੰਮੇਵਾਰੀਆ ਨੂੰ ਨਿਭਾਇਆ ਅਤੇ ਪੜ੍ਹਾਈ ਕਰ ਅੱਜ ਲੋਕਾਂ ਦੀ ਸੇਵਾ ਕਰ ਰਹੀ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਉਹ ਦੋ ਭੈਣਾਂ ਹਨ ਅਤੇ ਇਕ ਭਰਾ ਹੈ ਅਤੇ ਉਹ ਸਭ ਤੋਂ ਵੱਡੀ ਹੈ। ਉਨ੍ਹਾਂ ਕਿਹਾ ਕਿ 7 ਵੀਂ ਕਲਾਸ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਰਿਟਾਇਰਮੇਂਟ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਵੀ ਕਿਨਾਰਾ ਕਰ ਲਿਆ। ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸੀ, ਮਾਂ ਸ਼ੁਰੂ ਤੋਂ ਹੀ ਘਰੇਲੂ ਰਹੀ ਹੈ। ਘਰ ਦੇ ਹਾਲਾਤ ਇੰਨ੍ਹੇ ਖ਼ਰਾਬ ਹੋ ਗਏ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਰਾਤ ਦੀ ਰੋਟੀ ਖਾਂਦੇ ਬਿਨਾਂ ਹੀ ਸੌਣਾ ਪੈਂਦਾ ਸੀ, ਪਰ ਫਿਰ ਕੁੱਝ ਮਹੀਨੇ ਬਾਅਦ ਉਨ੍ਹਾਂ ਦੀ ਮਾਤਾ ਦੀ ਪੈਨਸ਼ਨ ਲੱਗ ਗਈ, ਜੋ ਕਿ ਬਹੁਤ ਘੱਟ ਸੀ। ਇਸ ਨਾਲ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਹੋਣ ਲੱਗਾ, ਪਰ ਪੜਾਈ ਪ੍ਰਭਾਵਿਤ ਹੋਈ।

ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ 10ਵੀਂ ਅਤੇ 12ਵੀਂ ਦੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਪੂਰੀ ਕੀਤੀ ਅਤੇ ਗ੍ਰੈਜੂਏਸ਼ਨ ਲਈ, ਜਦ ਉਹ ਸਰਕਾਰੀ ਕਾਲਜ ਗਈ ਤਾਂ ਘਰ ਦੇ ਹਾਲਾਤ ਦੱਸਣ ਤੋਂ ਬਾਅਦ ਕਾਲਜ ਨੇ ਉਸ ਦੀ ਫ਼ੀਸ ਅੱਧੀ ਕਰ ਦਿੱਤੀ, ਜੋ ਉਸ ਦੇ ਪ੍ਰੋਫੈਸਰ ਦਿੰਦੇ ਸਨ। ਗ੍ਰੈਜੂਏਸ਼ਨ ਕਰਦੇ ਸਮੇਂ ਸਿਪਾਹੀ ਦੀ ਭਰਤੀ ਆਈ ਤਾਂ ਉਸ ਦੀ ਦੋਸਤ ਨੇ ਉਸ ਦੇ ਫ਼ਾਰਮ ਭਰ ਦਿੱਤੇ ਅਤੇ ਉਸ ਦੀ ਚੋਣ ਵੀ ਹੋ ਗਈ ਅਤੇ ਮਾਂ ਦੀ ਡਾਂਟ ਨੇ ਉਸ ਦੇ ਟਰਾਇਲ ਵੀ ਸਫ਼ਲ ਕਰਵਾਏ। ਉਹ ਸਿਪਾਹੀ ਭਰਤੀ ਹੋ ਗਈ ਜਿਸ ਤੋਂ ਬਾਅਦ ਉਸ ਨੇ ਦਿਨ ਰਾਤ ਇੱਕ ਕਰਦਿਆ ਅੱਗੇ ਦੀ ਪੜ੍ਹਾਈ ਕਰਦੇ ਸਮੇਂ ਸਬ ਇੰਸਪੈਕਟਰ ਦੀ ਭਰਤੀ ਲਈ ਅਪਲਾਈ ਕੀਤਾ ਅਤੇ ਉਹ ਉਸ ਵਿੱਚ ਵੀ ਪਾਸ ਹੋ ਗਈ।

ਜ਼ਿੰਦਗੀ ਵਿੱਚ ਸੰਘਰਸ਼ ਕਰਨ ਤੋਂ ਬਾਅਦ ਅੱਜ ਉਹ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਵਜੋਂ ਗੁਰਦਾਸਪੁਰ ਵਿੱਚ ਸੇਵਾ ਨਿਭਾ ਰਹੀ ਹੈ। ਉਨ੍ਹਾਂ ਨੇ ਮਹਿਲਾ ਦਿਵਸ ਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਹੀ ਕਿ ਜ਼ਿੰਦਗੀ ਵਿਚ ਹਮੇਸ਼ਾ ਮਿਹਨਤ ਅਤੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਹੀ ਇਨਸਾਨ ਆਪਣੀ ਮੰਜਿਲ ਹਾਸਿਲ ਕਰ ਸਕਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਚੱਲਦਿਆਂ ਰੰਗਾਂ ਦੀ ਥਾਂ ਫੁੱਲਾਂ ਦੇ ਬਾਜ਼ਾਰ 'ਚ ਲੱਗੀਆਂ ਰੌਣਕਾਂ

ABOUT THE AUTHOR

...view details