ਗੁਰਦਾਪੁਰ: ਕੇਂਦਰ ਅਤੇ ਪੰਜਾਬ ਦੀ ਸਰਕਾਰ ਵੱਲੋਂ ਕਾਰਗਿਲ ਦੀ ਜੰਗ ਤੋਂ ਬਾਅਦ ਬੇਸ਼ੱਕ ਸ਼ਹੀਦ ਸੂਰਮਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਸਮੇਤ ਹੋਰ ਕਈ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਜੰਗ ਤੋਂ ਪਹਿਲਾਂ ਸਰਹੱਦਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਸਹੂਲਤ ਨਾ ਮਿਲਣ ਕਾਰਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਸਰਕਾਰ ਦੀ ਬੇਰੁਖੀ ਕਾਰਨ ਨਿਰਾਸ਼ ਹਨ।
1999 ਤੋਂ ਪਹਿਲਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰ ਅੱਜ ਵੀ ਸਹੂਲਤਾਂ ਤੋਂ ਵਾਂਝੇ
ਖਾਸ ਤੌਰ 'ਤੇ ਹੁਣ ਜਦੋਂ ਹੁਣ ਸਾਰਾ ਦੇਸ਼ ਕਾਰਗਿਲ ਲੜਾਈ ਦੀ 21ਵੀਂ ਵਰ੍ਹੇ ਗੰਢ ਮੌਕੇ ਸਾਰੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ ਤਾਂ 1999 ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰ ਮਾਯੂਸੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ।
ਸ਼ਹੀਦ ਸਿਪਾਹੀ ਰਜਿੰਦਰ ਸਿੰਘ ਨਿਵਾਸੀ ਕਲਾਨੌਰ ਦੀ ਪਤਨੀ ਪਲਵਿੰਦਰ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਇੱਕ ਨਵੰਬਰ 1998 ਦੌਰਾਨ ਪੂੰਛ ਸੈਕਟਰ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਪਤੀ ਦੀ ਸ਼ਹਾਦਤ ਦੇ ਤਿੰਨ ਮਹੀਨੇ ਬਾਅਦ ਉਨ੍ਹਾਂ ਨੇ ਪੁੱਤਰ ਰਵੇਂਦਰ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਪਤੀ ਦੀ ਸ਼ਹਾਦਤ ਦੇ ਮੌਕੇ ਸਰਕਾਰ ਨੇ ਉਨ੍ਹਾਂ ਦੇ ਪਤੀ ਦੀ ਯਾਦ ਵਿੱਚ ਯਾਦਗਾਰੀ ਗੇਟ ਅਤੇ ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ ਉੱਤੇ ਰੱਖਣ ਦਾ ਐਲਾਨ ਕੀਤਾ ਸੀ ਪਰ ਸ਼ਹਾਦਤ ਦੇ 22 ਸਾਲਾਂ ਦੇ ਬਾਅਦ ਵੀ ਸਰਕਾਰ ਨੇ ਆਪਣਾ ਵਾਅਦਾ ਨਹੀਂ ਨਿਭਾਇਆ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਪੁੱਤਰ ਬੀਐਸਸੀ ਕਰਨ ਉਪਰੰਤ ਬੇਰੋਜ਼ਗਾਰ ਘੁੰਮ ਰਿਹਾ ਹੈ ਪਰ ਸਰਕਾਰ ਨੇ ਅਜੇ ਤੱਕ ਉਸਨੂੰ ਨੌਕਰੀ ਨਹੀਂ ਦਿੱਤੀ, ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਸੈਨਾ ਦੀ 11 ਸਿੱਖ ਐਲਆਈ ਯੂਨਿਟ ਦੇ ਸ਼ੌਰਯ ਚੱਕਰ ਜੇਤੂ ਸ਼ਹੀਦ ਸਿਪਾਹੀ ਰੌਣਕੀ ਸਿੰਘ ਦੀ ਧੀ ਗੁਰਮੀਤ ਕੌਰ ਨੇ ਨਾਲ ਦੱਸਿਆ ਦੀ ਉਨ੍ਹਾਂ ਦੇ ਪਿਤਾ ਨੇ 12 ਅਗਸਤ 1997 'ਚ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ ਅਤੇ ਜਿਸ ਦਿਨ ਉਨ੍ਹਾਂ ਦੇ ਪਿਤਾ ਦਾ ਭੋਗ ਸੀ, ਉਸੇ ਦਿਨ ਉਸਨੇ ਜਨਮ ਲਿਆ ਸੀ। ਉਸ ਨੇ ਦੱਸਿਆ ਕਿ ਉਹ ਚਾਰ ਭੈਣਾਂ ਹਨ, ਮਾਤਾ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਮਿਹਨਤ ਕਰ ਤਿੰਨ ਭੈਣਾਂ ਦਾ ਵਿਆਹ ਕਰ ਦਿੱਤਾ ਤੇ ਉਹ ਸਭ ਤੋਂ ਛੋਟੀ ਹੈ ਅਤੇ ਉਸਨੇ ਏ.ਐਨ.ਐਮ ਦਾ ਕੋਰਸ ਕੀਤਾ ਹੋਇਆ ਹੈ ਅਤੇ ਅੱਗੇ ਵੀ ਉੱਚ ਸਿੱਖਿਆ ਲੈ ਰਹੀ ਹੈ। ਉਸਨੇ ਦੱਸਿਆ ਕਿ ਉਸਦਾ ਕੋਈ ਭਰਾ ਨਹੀਂ ਹੈ। ਇਸ ਲਈ ਉਸਨੇ ਸਰਕਾਰੀ ਨੌਕਰੀ ਲਈ ਕਈ ਵਾਰ ਅਪਲਾਈ ਕੀਤਾ ਪਰ ਅੱਜ ਤੱਕ ਉਸਨੂੰ ਨੌਕਰੀ ਨਹੀਂ ਮਿਲੀ ਅਤੇ ਕਈ ਸਾਲਾਂ ਦੇ ਬਾਅਦ ਵੀ ਪਿੰਡ ਵਿੱਚ ਉਨ੍ਹਾਂ ਦੇ ਪਿਤਾ ਦੀ ਕੋਈ ਯਾਦਗਾਰ ਨਹੀਂ ਬਣੀ।