ਬਟਾਲਾ: ਦਲਬੀਰ ਢਿਲਵਾਂ ਕਤਲ ਕਾਂਡ ਮਾਮਲਾ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਭਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਕਾਂਗਰਸ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹ ਰਹੀ ਹੈ। ਮਾਮਲੇ ਦੀ ਜਾਂਚ ਲਈ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਵੱਲੋਂ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ।
ਐਸਐਸਪੀ ਘੁੰਮਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਵਿੱਚ ਡੀਐਸਪੀ (ਸਪੈਸ਼ਲ ਬਰਾਂਚ) ਪ੍ਰੇਮ ਕੁਮਾਰ, ਡੀਐਸਪੀ ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ, ਇੰਸਪੈਕਟਰ ਹਰਬੰਸ ਸਿੰਘ (ਇਨਵੈਸਟੀਗੇਸ਼ਨ ਯੂਨਿਟ), ਇੰਚਾਰਜ ਸੀਆਈਏ ਇੰਸਪੈਕਟਰ ਸੁਰਿੰਦਰ ਸਿੰਘ ਤੇ ਐਸਐਚਓ ਥਾਣਾ ਕੋਟਲੀ ਸੂਰਤ ਮੱਲੀ ਸ਼ਾਮਿਲ ਹਨ। ਇਸ ਦੇ ਨਾਲ ਹੀ ਐਸਪੀ ਹੈੱਡਕੁਆਟਰ ਵੀ ਇਸ ਜਾਂਚ ਟੀਮ ਦੇ ਕੰਮ ਦੀ ਨਿਗਰਾਨੀ ਕਰਨਗੇ।
ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਟੀਮ ਇਸ ਕਤਲ ਕੇਸ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰੇਗੀ ਤੇ ਕਤਲ ਦੇ ਅਸਲ ਕਾਰਨਾਂ ਤੇ ਦੋਸ਼ੀਆਂ ਦਾ ਪਤਾ ਲਾਵੇਗੀ। ਉਨ੍ਹਾਂ ਦੱਸਿਆ ਕਿ ਐਸਆਈਟੀ ਵੱਲੋਂ ਇਸ ਸਬੰਧੀ ਅੱਜ ਤੋਂ ਹੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਤੇ ਛੇਤੀ ਹੀ ਇਸ ਕੇਸ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਆ ਜਾਣਗੇ।