ਗੁਰਦਾਸਪੁਰ/ਬਟਾਲਾ: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਤੇ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਵਿੱਚਕਾਰ ਹੋਈ ਬਹਿਸ ਦਾ ਮੁੱਦਾ ਲਗਾਤਾਰ ਭਖ਼ਦਾ ਜਾ ਰਿਹਾ ਹੈ। ਬੈਂਸ ਆਪਣੀ ਗ੍ਰਿਫ਼ਤਾਰੀ ਦੇਣ ਲਈ ਖੁਦ ਬਟਾਲਾ ਪਹੁੰਚੇ ਹਨ।
ਬਿਤੇ ਦਿਨੀਂ ਹੋਈ ਤਕਰਾਰ ਕਾਰਨ ਮੁੱਖ ਮੰਤਰੀ ਦੇ ਹੁੱਕਮਾਂ 'ਤੇ ਬੈਂਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਤਹਿਤ ਬੈਂਸ ਤੇ ਬੈਂਸ ਦੇ ਸਮਰਥਕਾ ਵੱਲੋਂ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਵੱਲੋਂ ਬੈਂਸ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਸਿਮਰਜੀਤ ਸਿੰਘ ਬੈਂਸ ਆਪਣੀ ਗ੍ਰਿਫ਼ਤਾਰੀ ਦੇਣ ਲਈ ਆਪਣੇ ਸਮਰਥਕਾ ਨਾਲ ਬਟਾਲਾ ਪਹੁੰਚ ਚੁੱਕੇ ਹਨ।
ਬਿਤੇ ਦਿਨੀਂ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਗ੍ਰਿਫ਼ਤਾਰੀ 'ਤੇ ਠੱਲ ਪਾਉਂਦੇ ਹੋਏ ਇਹ ਬਿਆਨ ਦਿੱਤਾ ਸੀ ਕਿ ਉਹ ਅੱਜ ਭਾਵ ਸ਼ੁਕਰਵਾਰ ਨੂੰ ਖ਼ੁਦ ਬਟਾਲਾ ਚੌਕ ਵਿੱਚ ਧਰਨਾ ਦੇਣ ਲਈ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਉਹ ਸਮਰਥਕ ਵੀ ਹੋਣਗੇ ਜਿਨ੍ਹਾਂ 'ਤੇ ਵੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਬੈਂਸ ਨੇ ਪੁਲਿਸ ਨੂੰ ਲਲਕਾਰਦੇ ਹੋਏ ਕਿਹਾ ਕਿ ਪੁਲਿਸ ਕਿਉਂ ਬਟਾਲਾ ਤੋਂ ਲੁਧਿਆਣਾ ਆ ਕੇ ਮਹਿੰਗਾ ਪੈਟਰੋਲ ਫੂਕ ਰਹੀ ਹੈ, ਬੈਂਸ ਨੇ ਕਿਹਾ ਕਿ ਉਹ ਖ਼ੁਦ ਬਟਾਲਾ ਵਿੱਚ ਆ ਕੇ ਧਰਨਾ ਦੇਣਗੇ ਅਤੇ ਪੁਲਿਸ ਉਨ੍ਹਾਂ ਨੂੰ ਉਥੋਂ ਹੀ ਗ੍ਰਿਫ਼ਤਾਰ ਕਰ ਲਵੇ।