ਗੁਰਦਾਸਪੁਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਤੋਂ 15 ਫ਼ਰਵਰੀ ਤਕ ਲੱਗਣ ਵਾਲੇ 'ਖੇਤਰੀ ਸਰਸ ਮੇਲਾ'2020 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 4 ਫਰਵਰੀ ਨੂੰ ਸ਼ਾਮ 4 ਵਜੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਇਸ ਦਾ ਉਦਘਾਟਨ ਕੀਤਾ ਜਾਵੇਗਾ।
12 ਦਿਨ ਚੱਲਣ ਵਾਲੇ 'ਖੇਤਰੀ ਸਰਸ ਮੇਲੇ' ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਗੁਰਦਾਸਪੁਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਪੁਹੰਚਣ ਵਾਲੇ ਕਲਾਕਾਰ ਤੇ ਸੱਭਿਆਚਾਰ ਰੰਗਾਂ ਦੀ ਮਹਿਮਾਨ ਨਿਵਾਜ਼ੀ ਲਈ ਤਿਆਰ ਬਰ ਤਿਆਰ ਹੈ ਅਤੇ ਮੇਲੇ ਵਿਚ ਪੁਹੰਚਣ ਵਾਲੇ ਲੋਕਾਂ ਦੀ ਸਹੂਲਤ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 500 ਤੋਂ ਜ਼ਿਆਦਾ ਕਾਰੀਗਰ ਅਤੇ 150 ਕਲਾਕਾਰ ਅਤੇ ਸਵੈ ਸਹਾਇਤਾ ਸਕੀਮਾਂ ਦੇ ਮੈਂਬਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ, ਕਲਾ ਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨ ਲਈ ਪੁਹੰਚੇ ਹਨ, ਜਿੰਨ੍ਹਾਂ ਲਈ ਸਟਾਲ ਲਗਾਏ ਲਗਾਏ ਜਾ ਚੁੱਕੇ ਹਨ। ਕਲਾਕਾਰ ਲਈ ਸ਼ਾਨਦਾਰ ਸਟੇਜ ਅਤੇ ਲੋਕਾਂ ਦੇ ਬੈਠਣ ਲਈ ਪੰਡਾਲ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਮੇਲੇ ਦੌਰਾਨ ਗਾਇਕਾ ਗੁਲਜ਼ਾਰ ਅਖਤਰ 15 ਫਰਵਰੀ ਨੂੰ, ਨਿਮਰਤ ਖਹਿਰਾ 9 ਫਰਵਰੀ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਉਨਾਂ ਦੱਸਿਆ ਕਿ ਵੱਡੀ ਤਦਾਦ ਵਿਚ ਪੁਹੰਚਣ ਵਾਲੇ ਲੋਕਾਂ ਦੀ ਸਹਲੂਤ ਨੂੰ ਮੁੱਖ ਰੱਖਦਿਆਂ ਵਾਹਨਾਂ ਲਈ ਪਾਰਕਿੰਗ ਬਣਾਈ ਗਈ ਹੈ ਅਤੇ ਆਵਾਜਾਈ ਨੂੰ ਮੁੱਖ ਰੱਖਦਿਆਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।