ਗੁਰਦਾਸਪੁਰ: ਇੱਥੋਂ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਦੀ ਰਣਜੀਤ ਕੌਰ ਪਤਨੀ ਗੁਰਪ੍ਰੀਤ ਕੌਰ ਜੋ ਕਿ ਮਾਰਚ ਮਹੀਨੇ ਨੌਕਰੀ ਲਈ ਖਾੜੀ ਦੇਸ਼ ਓਮਾਨ ਗਈ ਸੀ। ਜਿੱਥੇ ਉਸ ਨੂੰ ਰੁਜ਼ਗਾਰ ਦੀ ਥਾਂ ਆਪਣੇ ਮਾਲਕਾਂ ਅਤੇ ਨੌਕਰੀ ਉਪਲੱਬਧ ਕਰਵਾਉਣ ਵਾਲੀ ਕੰਪਨੀ ਦੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਰਣਜੀਤ ਕੌਰ ਦੇ ਤਸ਼ੱਦਦ ਭਰੇ ਹਾਲਾਤਾਂ ਦੀ ਖ਼ਬਰ ਪ੍ਰਕਾਸ਼ਤ ਹੋਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਯਤਨਾਂ ਸਦਕਾ ਰਣਜੀਤ ਕੌਰ ਦਾ ਘਰ ਵਾਪਸੀ ਦਾ ਸਬੱਬ ਬਣਿਆ।
ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾਰਚ 2021 ਨੂੰ ਬਿਆਸ ਦੀ ਇੱਕ ਮਹਿਲਾ ਏਜੰਟ ਨਾਲ ਨੌਕਰੀ ਲਈ ਸਿੰਗਾਪੁਰ ਵਿੱਚ ਜਾਣ ਲਈ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਦਿੱਤੀ ਸੀ। ਪਰ ਏਜੰਟ ਨੇ ਉਸ ਨੂੰ ਸਿੰਗਾਪੁਰ ਦੀ ਥਾਂ ਖਾੜੀ ਦੇਸ਼ ਓਮਾਨ ਵਿੱਚ ਪਹੁੰਚਾ ਦਿੱਤਾ। ਰਣਜੀਤ ਕੌਰ ਨੇ ਦੱਸਿਆ ਕਿ ਉਹ ਉਸ ਨੂੰ ਇਹ ਕਿਹਾ ਗਿਆ ਸੀ ਕਿ ਉਸ ਨੂੰ ਇੱਕ ਵੱਡੇ ਮੌਲ ਵਿੱਚ ਕੰਮ ਮਿਲੇਗਾ। ਪਰ ਓਮਾਨ ਵਿੱਚ ਉਸ ਨੂੰ ਜਬਰਦਸਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਭੇਜ ਦਿੱਤਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਨੂੰ ਪੌੜੀਆਂ ਤੋਂ ਡਿੱਗ ਕੇ ਗੰਭੀਰ ਸੱਟ ਵੀ ਲੱਗੀ ਸੀ ਪਰ ਉਸ ਪਰਿਵਾਰ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਭੁੱਖਿਆਂ ਰੱਖਿਆ ਅਤੇ ਕੁੱਟਮਾਰ ਵੀ ਕੀਤੀ।