ਗੁਰਦਾਸਪੁਰ: ਜ਼ਿਲ੍ਹੇ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਪੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇੱਕ ਅਧਿਆਪਕ 'ਤੇ ਸਕੂਲ ਵਿੱਚ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਇਲਜ਼ਾਮ ਲੱਗੇ ਹਨ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਰਕਾਰੀ ਸਕੂਲ ਦੇ ਅਧਿਆਪਕ ਬਲਬੀਰ ਰਾਏ ਨੇ ਕਈ ਵਾਰ ਬੱਚਿਆਂ ਨਾਲ ਕੁੱਟਮਾਰ ਕੀਤੀ।
ਇਸ ਵਾਰ ਉਸ ਨੇ ਇੱਕ ਬੱਚੀ ਨਾਲ ਜ਼ਿਆਦਾ ਕੁੱਟਮਾਰ ਕੀਤੀ, ਜਿਸ ਦੀ ਸ਼ਿਕਾਇਤ ਪੁਲਿਸ ਥਾਣੇ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਪੀੜਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ।
ਸਕੂਲੀ ਬੱਚਿਆਂ ਅਤੇ ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕ ਬਲਬੀਰ ਰਾਏ ਨੇ ਬੱਚਿਆਂ ਨਾਲ ਕਈ ਵਾਰ ਕੁੱਟਮਾਰ ਕੀਤੀ ਹੈ। ਇੰਨਾ ਹੀ ਨਹੀਂ ਅਧਿਆਪਕ ਬੱਚਿਆਂ ਤੋਂ ਸਿਰ ਵੀ ਘੁੱਟਵਾਉਂਦਾ ਹੈ ਅਤੇ ਮਾਲਸ਼ਾ ਕਰਵਾਉਂਦਾ ਹੈ।
ਪੀੜਤ ਬੱਚੇ ਨੇ ਦੱਸਿਆ ਕਿ ਅਧਿਆਪਕ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਘਰ ਜਾ ਕੇ ਦੱਸਿਆ ਤਾਂ ਹੋਰ ਡੰਡੇ ਵੱਜਣਗੇ। ਬੱਚਿਆਂ ਦੇ ਸ਼ਰੀਰ 'ਤੇ ਮਾਰਕੁਟਾਈ ਦੇ ਨਿਸ਼ਾਨ ਵੀ ਬਣੇ ਹਨ। ਇਸ ਸਬੰਧ 'ਚ ਜਦੋਂ ਐੱਸਐੱਚਓ ਪ੍ਰਭਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਆਈ ਹੈ ਕਿ ਅਧਿਆਪਕ ਨੇ ਬੱਚਿਆਂ ਨੂੰ ਕੁੱਟਿਆ ਹੈ ਤੇ ਡਾਕਟਰੀ ਰਿਪੋਰਟ ਮੁਤਾਬਕ ਪੀੜਤ ਬੱਚੀ ਦੇ ਸ਼ਰੀਰ 'ਤੇ ਤਿੰਨ ਸੱਟਾਂ ਦੇ ਨਿਸ਼ਾਨ ਬਣੇ ਹੋਏ ਹਨ। ਫ਼ਿਲਹਾਲ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।