ਗੁਰਦਾਸਪੁਰ:ਜ਼ਿਲ੍ਹੇ ਦੇ ਨਜ਼ਦੀਕ ਪੈਂਦੇ ਪਿੰਡ ਲੌਂਗੋਵਾਲ ਖੁਰਦ ਦਾ ਇੱਕ ਗਰੀਬ ਪਰਿਵਾਰ ਗੁਰਬਤ ਦੀ ਜ਼ਿੰਦਗੀ ਜਿਉਣ ਦੇ ਲਈ ਮਜ਼ਬੂਰ ਹੈ। ਮਜ਼ਬੂਰ ਪਰਿਵਾਰ ਮੀਂਹ ਹਨੇਰੀ ਦੇ ਵਿੱਚ ਇੱਕ ਕਾਨਿਆਂ ਵਾਲੀ ਛੱਤ ਹੇਠ ਜੀਵਨ ਬਤੀਤ ਕਰ ਰਿਹਾ ਹੈ। ਛੱਤ ਦੀ ਹਾਲਤ ਅਜਿਹੀ ਹੈ ਕਿ ਜਿਹੜੀ ਕਦੇ ਵੀ ਢਿੱਗ ਸਕਦੀ ਹੈ। ਪਰਿਵਾਰ ਦੇ ਹਾਲਾਤ ਅਜਿਹੇ ਹਨ ਕਿ ਕੁਝ ਦਿਨ ਪਹਿਲਾਂ ਜਦੋਂ ਦਰਸ਼ਨਾਂ ਦੇਵੀ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਸ ਦਾ ਸਸਕਾਰ ਵੀ ਉਨ੍ਹਾਂ ਵੱਲੋਂ ਕਰਜ਼ਾ ਚੁੱਕ ਕੇ ਕੀਤਾ ਗਿਆ ਸੀ।
ਗੱਲਬਾਤ ਕਰਦਿਆਂ ਪੀੜਤ ਮਾਤਾ ਅਤੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਤਰਸਯੋਗ ਹੈ ਅਤੇ ਉਹ ਮੌਤ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਦਰਸ਼ਨਾਂ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਕਿਉਂਕਿ ਪਹਿਲਾਂ ਕਰਜ਼ਾ ਚੁੱਕ ਕੇ ਉਨ੍ਹਾਂ ਨੇ ਆਪਣੀਆਂ ਤਿੰਨ ਧੀਆਂ ਦਾ ਵਿਆਹ ਕੀਤਾ ਸੀ ਅਜੇ ਉਹ ਕਰਜ਼ਾ ਵੀ ਨਹੀਂ ਸੀ ਲੱਥਾ ਕਿ ਉਸਦਾ ਦਾ ਪਤੀ ਵੀ ਚੱਲ ਵਸਿਆ ਜਿਸ ਦਾ ਸਸਕਾਰ ਕਰਨ ਲਈ ਵੀ ਉਨ੍ਹਾਂ ਨੂੰ ਕਰਜ਼ਾ ਚੁੱਕਣਾ ਪਿਆ। ਮਹਿਲਾ ਨੇ ਦੱਸਿਆ ਕਿ ਕੋਰੋਨਾ ਕਾਰਨ ਉਸਦੇ ਦੇ ਪੁੱਤਰ ਨੂੰ ਵੀ ਕੰਮ ਨਹੀਂ ਮਿਲ ਰਿਹਾ ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਬਹੁਤ ਹੀ ਔਖਾ ਹੋ ਰਿਹਾ ਹੈ।