ਭੜਕਾਊ ਸੰਦੇਸ਼ ਸ਼ੇਅਰ ਕਰਨ ਵਾਲੇ ਨੌਜਵਾਨ ਦੇ ਘਰ ਪਹੁੰਚੀ ਪੁਲਿਸ ਬਟਾਲਾ: ਅੰਮ੍ਰਿਤਪਾਲ ਸਿੰਘ ਉੱਤੇ 18 ਮਾਰਚ ਨੂੰ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਸੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਫਰਾਰ ਐਲਾਨਿਆ ਗਿਆ ਹੈ। ਜਿਸ ਨੂੰ ਲੈ ਕੇ ਸ਼ੋਸਲ ਮੀਡੀਆ ਉੱਤੇ ਗਲਤ ਜਾਣਕਾਰੀ ਸ਼ੇਅਰ ਕਰ ਵਾਲਿਆਂ ਉੱਤੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਬਟਾਲਾ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਗੁਰਮੀਤ ਸਿੰਘ ਵੱਲੋਂ ਇੱਕ ਭੜਕਾਊ ਸੰਦੇਸ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ। ਜਿਸ ਤੋਂ ਬਾਅਦ ਬਟਾਲਾ ਪੁਲਿਸ ਉਕਤ ਨੌਜਵਾਨ ਦੇ ਘਰ ਪਹੁੰਚੀ ਅਤੇ ਨੌਜਵਾਨ ਨੇ ਉਹ ਸੰਦੇਸ਼ ਡਿਲੀਟ ਕਰ ਦਿੱਤਾ ਤੇ ਪੁਲਿਸ ਕੋਲੋ ਮਾਫੀ ਮੰਗ ਲਈ।
ਨੌਜਵਾਨ ਵੱਲੋਂ ਭੜਕਾਊ ਮੈਸੇਜ ਸ਼ੇਅਰ:ਜਾਣਕਾਰੀ ਅਨੁਸਾਰ ਦੱਸ ਦਈਏ ਕਿ ਬਟਾਲਾ ਪੁਲਿਸ ਨੂੰ ਬਟਾਲਾ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਗੁਰਮੀਤ ਸਿੰਘ ਬਾਰੇ ਪਤਾ ਚੱਲਿਆ ਸੀ ਕਿ ਉਸ ਨੌਜਵਾਨ ਗੁਰਮੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬਟਾਲਾ ਦਾ ਟੋਲ ਪਲਾਜ਼ਾ ਜਾਮ ਕਰਕੇ ਰੋਸ ਧਰਨਾ ਦੇਣ ਦੇ ਗਲਤ ਅਤੇ ਭੜਕਾਊ ਮੈਸੇਜ ਨੂੰ ਸੋਸ਼ਲ ਮੀਡੀਆ ਰਾਹੀਂ ਅਲੱਗ-ਅਲੱਗ ਗਰੁੱਪਾਂ ਵਿੱਚ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਬਟਾਲਾ ਪੁਲਿਸ ਹਰਕਤ ਵਿੱਚ ਆਈ ਅਤੇ ਜਾਂਚ ਕਰਦੇ ਹੋਏ ਉਕਤ ਨੌਜਵਾਨ ਦੇ ਘਰ ਪਹੁੰਚ ਗਈ।
ਪੁਲਿਸ ਨੇ ਨੌਜਵਾਨ ਨੂੰ ਸਮਝਾਇਆ:ਇਸ ਤੋਂ ਬਾਅਦ ਬਟਾਲਾ ਸਿਵਲ ਲਾਈਨ ਥਾਣੇ ਦੇ ਇੰਚਾਰਜ ਕੁਲਵੰਤ ਸਿੰਘ ਨੇ ਉਕਤ ਨੌਜਵਾਨ ਅਤੇ ਉਸ ਦੀ ਮਾਤਾ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੇ ਮੈਸਜ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ ਅਤੇ ਬਿਨਾਂ ਵਜ੍ਹਾ ਲੋਕ ਪ੍ਰੇਸ਼ਾਨ ਹੋ ਸਕਦੇ ਹਨ। ਇਸ ਲਈ ਇਹੋ ਜਿਹੇ ਮੈਸਜ ਜੋ ਗਲਤ ਹਨ, ਉਹ ਪੋਸਟ ਨਹੀਂ ਕਰਨੇ ਚਾਹੀਦੇ, ਕਿਉਕਿ ਇਸ ਨਾਲ ਉਕਤ ਨੌਜਵਾਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਨੌਜਵਾਨ ਨੇ ਗਲਤੀ ਮੰਨੀ:ਇਸ ਦੌਰਾਨ ਹੀ ਬਟਾਲਾ ਪੁਲਿਸ ਦੇ ਸਮਝਾਉਣ ਉੱਤੇ ਉਕਤ ਨੌਜਵਾਨ ਨੇ ਆਪਣੀ ਗਲਤੀ ਮੰਨੀ ਅਤੇ ਉਕਤ ਮੈਸੇਜ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ। ਉਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਬਿਨਾਂ ਕਾਰਵਾਈ ਕਰਦੇ ਹੋਏ ਛੱਡ ਦਿੱਤਾ ਤਾਂ ਕਿ ਗੁਰਮੀਤ ਸਿੰਘ ਨਾਮਕ ਨੌਜਵਾਨ ਦਾ ਭਵਿੱਖ ਖ਼ਰਾਬ ਨਾ ਹੋਵੇ। ਉੱਥੇ ਹੀ ਉਕਤ ਨੌਜਵਾਨ ਅਤੇ ਉਸਦੀ ਮਾਤਾ ਨੇ ਬਟਾਲਾ ਪੁਲਿਸ ਦਾ ਧੰਨਵਾਦ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਭਵਿੱਖ ਨੂੰ ਖ਼ਰਾਬ ਨਾ ਕਰੋ।
ਇਹ ਵੀ ਪੜੋ:-Amritpal wife on Amritpal: ਅੰਮ੍ਰਿਤਪਾਲ ਦੀ ਪਤਨੀ ਨੇ ਤੋੜੀ ਚੁੱਪੀ, ਅੰਮ੍ਰਿਤਪਾਲ ਬਾਰੇ ਕੀਤੇ ਵੱਡੇ ਖੁਲਾਸੇ