ਗੁਰਦਾਸਪੁਰ :ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋ ਆਪਣੀਆਂ ਮੰਗਾਂ ਨੂੰ ਲੈਕੇ ਗੁਰਦਾਸਪੁਰ ਦੇ ਬਟਾਲਾ ਰੇਲਵੇ ਸਟੇਸ਼ਨ ਉੱਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੌਰਾਨ 10 ਦੇ ਕਰੀਬ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ ਅਤੇ ਲੰਬੇ ਰੂਟ ਵਾਲੀਆ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ। ਇਸ ਧਰਨੇ ਕਰਕੇ ਜਿੱਥੇ ਆਮ ਲੋਕਾਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਥੇ ਹੀ ਧਰਨੇ ਕਾਰਨ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਲੈਕੇ ਆਪਣਾ ਗੁਜ਼ਾਰਾ ਕਰਨ ਵਾਲੇ ਆਟੋ ਚਾਲਕਾਂ ਦਾ ਕੰਮ ਵੀ ਠਪ ਚੁੱਕਾ ਹੈ। ਇਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ।
ਚਾਰ ਰੇਲ ਗੱਡੀਆਂ ਦਾ ਰੂਟ ਵੀ ਬਦਲਿਆ :ਇੱਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਜਾਮ ਦੇ ਨਾਲ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀਆ 10 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਪਠਾਨਕੋਟ ਤੋਂ ਦਿੱਲੀ ਵਾਇਆ ਅੰਮ੍ਰਿਤਸਰ ਚੱਲਣ ਵਾਲੀਆਂ 4 ਟ੍ਰੇਨਾਂ ਦਾ ਰੂਟ ਬਦਲ ਕੇ ਵਾਇਆ ਮੁਕੇਰੀਆ ਕੀਤਾ ਗਿਆ ਹੈ ਤਾਂ ਜੋ ਯਾਤਰੀਆਂ ਦੀ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕੇ। ਇਸੇ ਤਰ੍ਹਾਂ ਬਟਾਲਾ ਰੇਲਵੇ ਸਟੇਸ਼ਨ ਉੱਤੇ ਲਗਾਏ ਗਏ ਧਰਨੇ ਨਾਲ ਟ੍ਰੇਨਾਂ ਉੱਤੇ ਸਫ਼ਰ ਕਰਨ ਵਾਲ਼ੇ ਯਾਤਰੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਲੰਬੀ ਯਾਤਰਾ ਉੱਤੇ ਜਾਣ ਵਾਲੇ ਕਈ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।