ਗੁਰਦਾਸਪੁਰ: ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਅੰਦਰ ਲਗਾਤਾਰ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਜਾਰੀ ਹਨ। ਸ਼ੁਕਰਵਾਰ ਨੂੰ ਭਾਰਤੀ ਸੀਮਾ ਗੁਰਦਾਸਪੁਰ ਸੈਕਟਰ ਵਿੱਚ ਪਾਕਿਸਤਾਨੀ ਡਰੋਨ ਵੇਖਿਆ ਗਿਆ। ਬੀਐਸਐਫ ਜਵਾਨਾਂ ਨੇ ਫੌਰਨ ਇਸ ਉੱਤੇ ਫਾਇਰਿੰਗ ਕੀਤੀ। ਫਾਇਰਿੰਗ ਕਰਨ ਉੱਤੇ ਡਰੋਨ ਪਾਕਿਸਤਾਨ ਸੀਮਾ ਵੱਲ ਵਾਪਿਸ ਚਲਾ ਗਿਆ ਹੈ। ਫਿਲਹਾਲ ਬੀਐਸਐਫ ਜਵਾਨਾਂ ਵੱਲੋਂ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਹੋਰ ਵੇਰਵਿਆ ਦੀ ਉਡੀਕ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਵਿੱਚ ਹੈਰੋਇਨ ਦੀ ਖੇਪ ਬਰਾਮਦ: ਇੱਕ ਖਾਸ ਇਨਪੁਟ 'ਤੇ ਪ੍ਰਤੀਕਿਰਿਆ ਕਰਦੇ ਹੋਏ, ਬੀਐਸਐਫ ਨੇ ਟਵੀਟ ਕੀਤਾ ਕਿ ਅੰਮ੍ਰਿਤਸਰ ਸੈਕਟਰ ਦੇ BSF ਦੇ ਜਵਾਨਾਂ ਨੇ ਸ਼ੱਕੀ ਹੈਰੋਇਨ ਨਾਲ ਭਰਿਆ ਇੱਕ ਬੈਗ ਬਰਾਮਦ ਕੀਤਾ ਹੈ, ਜਿਸ ਵਿੱਚ ਪੀਲੀ ਚਿਪਕਣ ਵਾਲੀ ਟੇਪ, ਇੱਕ ਲੋਹੇ ਦੀ ਹੁੱਕ ਅਤੇ 8 ਚਮਕਦਾਰ ਪੱਟੀਆਂ ਹਨ, ਜੋ ਡਰੋਨ ਦੁਆਰਾ ਸੁੱਟੀਆਂ ਗਈਆਂ ਹਨ।
ਇਸ ਤੋਂ ਪਹਿਲਾਂ, ਬੁੱਧਵਾਰ ਦੇਰ ਰਾਤ ਵੀ ਅੰਮ੍ਰਿਤਸਰ ਦੇ ਅਟਾਰੀ ਸੀਮਾ ਉੱਤੇ ਪੈਂਦੇ ਪਿੰਡ ਧਨੋਏ ਕਲਾਂ ਕੋਲ ਪਾਕਿਸਤਾਨ ਡਰੋਨ ਦਾਖਲ ਹੋਇਆ। ਇਸ ਦੌਰਾਨ ਬਟਾਲੀਅਨ 22 ਦੇ ਜਵਾਨਾਂ ਵੱਲੋਂ ਗਸ਼ਤ ਕਰਨ ਉੱਤੇ 2 ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਇਸ ਪੈਕੇਟ ਵਿੱਚ ਕਰੀਬ 2 ਕਿਲੋ ਹੈਰੋਇਨ ਅਤੇ 170 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਬਰਾਮਦ ਹੋਈ ਖੇਪ ਕਰੀਬ 14 ਕਰੋੜ ਰੁਪਏ ਦੀ ਦੱਸੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਡਰੋਨ ਦੀ ਹਲਚਲ ਮਹਿਸੂਸ ਕੀਤੀ ਗਈ, ਤਾਂ ਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ ਅਤੇ ਡਰੋਨ ਢੇਰ ਹੋ ਗਿਆ।
ਕਿਸਾਨ ਨੂੰ ਖੇਤ ਵਿੱਚ ਡਿੱਗਿਆ ਮਿਲਿਆ ਡਰੋਨ: ਇਸ ਤੋਂ ਇਲਾਵਾ 26 ਅਪ੍ਰੈਲ, ਨੂੰ ਵੀ ਅੰਮ੍ਰਿਤਸਰ ਸੈਕਟਰ ਵਿੱਚ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਤੇ ਮੁਸਤੈਦੀ ਵਰਤੇ ਹੋਏ ਗੋਲੀਬਾਰੀ ਕੀਤੀ ਗਈ। ਉਸ ਤੋਂ ਅਗਲੇ ਦਿਨ ਸਵੇਰ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਬਾਰਡਰ ਚੌਕੀ ਰਾਜਾਤਾਲ ਦੇ ਖੇਤਰ ਵਿੱਚ ਇਸ ਦਾ ਪਤਾ ਲਗਾਇਆ ਗਿਆ। ਕਿਸਾਨ ਨੂੰ ਇਹ ਡਰੋਨ ਖੇਤ ਵਿੱਚ ਕੰਮ ਕਰਦੇ ਸਮੇਂ ਦਿਖਿਆ ਸੀ ਜਿਸ ਨੇ ਤੁਰੰਤ ਬੀਐਸਐਫ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਸ ਤੋਂ ਪਹਿਲਾਂ ਵੀ ਡਰੋਨਾਂ ਦੀ ਹਲਚਲ ਜਾਰੀ ਰਹੀ:ਇਸ ਤੋਂ ਪਹਿਲਾਂ, ਪਿਛਲੇ ਹਫ਼ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀਐਸਐਫ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਪਿੰਡ ਬਚੀਵਿੰਡ ਤੋ ਵੀ ਦੋ ਕਿਲੋ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ। ਕੁਝ ਦਿਨ ਪਹਿਲਾਂ ਇੱਕ ਹੋਰ ਡਰੋਨ, ਜੋ ਕਿ ਚੀਨ ਵਿੱਚ ਬਣਿਆ ਦੱਸਿਆ ਗਿਆ ਸੀ, ਅੰਮ੍ਰਿਤਸਰ ਦੇ ਮਾਹਵਾ ਪਿੰਡ 'ਚ ਬਰਾਮਦ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਪਿਛਲੇ ਮਹੀਨੇ ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਪਿੰਡ ਬਚੀਵਿੰਡ ਵਿਖੇ ਇੱਕ ਡਰੋਨ ਬਰਾਮਦ ਕੀਤਾ ਸੀ ਜਿਸ ਚੋਂ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਵੀ ਬਰਾਮਦ ਹੋਈ। ਘੁਸਪੈਠ ਕਰਨ ਵਾਲੇ ਡਰੋਨ ਦੇ ਗੂੰਜਣ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਤੁਰੰਤ ਉਸ ਨੂੰ ਗੋਲੀਆਂ ਮਾਰੀਆਂ ਸੀ। ਤਲਾਸ਼ੀ ਮੁਹਿੰਮ ਦੌਰਾਨ 3.2 ਕਿਲੋਗ੍ਰਾਮ ਹੈਰੋਇਨ ਦੇ ਤਿੰਨ ਪੈਕੇਟ, ਇੱਕ ਲੋਹੇ ਦੀ ਅੰਗੂਠੀ ਅਤੇ ਇੱਕ ਚਮਕੀਲੀ ਪੱਟੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ :Karnataka Assembly Election: ਦੋਵੇਂ ਰਿਵਾਇਤੀ ਪਾਰਟੀਆਂ ਮੁਸਲਿਮ ਰਿਜ਼ਵਰਵੇਸ਼ਨ ਨੂੰ ਚੋਣ ਪ੍ਰਚਾਰ ਦੌਰਾਨ ਬਣਾ ਰਹੀਆਂ ਮੁੱਦਾ !