ਡੇਰਾ ਬਾਬਾ ਨਾਨਕ/ਗੁਰਦਾਸਪੁਰ: ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹੇ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) 'ਚ ਬਿਤਾਏ ਸਨ ਤੇ ਇੱਥੇ ਹੀ ਉਹ ਜੋਤੀ ਜੋਤ ਸਮਾਏ ਸਨ। ਸਾਲ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ ਸੀ, ਜਿਸ ਨਾਲ ਸਿੱਖ ਸ਼ਰਧਾਲੂਆਂ ਲਈ ਦਰਸ਼ਨ ਦੀਦਾਰੇ ਆਸਾਨ ਹੋ ਗਏ ਸਨ, ਪਰ ਮਾਰਚ 2020 'ਚ ਕੋਵਿਡ ਮਹਾਂਮਾਰੀ ਦੇ ਫੈਲਣ ਮਗਰੋਂ ਇਸਨੂੰ ਬੰਦ ਕਰ ਦਿੱਤਾ ਗਿਆ ਸੀ।
ਕਰਤਾਰਪੁਰ ਲਾਂਘਾ ਖੁਲ੍ਹਣ ਦੀ ਦੂਜੀ ਵਰ੍ਹੇਗੰਢ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਈ ਡੇਰਾ ਬਾਬਾ ਨਾਨਕ ਵਿਖੇ ਪੰਹੁਚੇ, ਪਰ ਧੁੰਦ ਹੋਣ ਕਾਰਨ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਹੋ ਪਏ।
ਕਰਤਾਰਪੁਰ ਲਾਂਘਾ ਖੁਲ੍ਹਣ ਦੀ ਦੂਜੀ ਵਰ੍ਹੇਗੰਢ ਮੌਕੇ ਸਿੱਧੂ ਪੰਹੁਚੇ ਡੇਰਾ ਬਾਬਾ ਨਾਨਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਹੁੰਚੇ। ਇਸ ਤੋਂ ਪਹਿਲਾਂ ਸਿੱਧੂ ਨੇ ਸਵੇਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕਰਨ ਡੇਰਾ ਬਾਬਾ ਨਾਨਕ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਲਿਖਾਂਗਾ ਚਿੱਠੀ...
ਉਨ੍ਹਾਂ ਕਿਹਾ ਕਿ ਕਰੋੜਾ ਸ਼ਰਧਾਲੂਆ ਦੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰਨ ਤਾਂਘ ਹੈ । ਉਨ੍ਹਾਂ ਕਿਹਾ ਕਿ ਇਹ ਸਾਡਾ ਚਾਣਨ ਮਿਨਾਰਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਲਾਂਘਾ ਖੁਲ੍ਹਿਆ ਸੀ ਉਸ ਸਮੇਂ ਲਗਭਗ 70000 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਉਨ੍ਹਾਂ ਕਿਹਾ ਕਿ ਇਹ ਸਾਂਝੀਵਾਲਤਾ ਅਤੇ ਅਮਨ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਅਸੀਮ ਸੰਭਾਵਨਾਵਾ ਦਾ ਪ੍ਰਤੀਕ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 75 ਪ੍ਰਤੀਸ਼ਤ ਲੋਕਾਂ ਕੋਲ ਪਾਸਪੋਰਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੈਂ ਬਾਬਾ ਨਾਨਕ ਦਾ ਨਿਮਾਣਾ ਸਿੱਖ ਹੋਣ ਦੇ ਨਾਂ ਉੱਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਸੰਬੰਧ ਵਿੱਚ ਬੇਨਤੀ ਕਰਾਂਗਾ।
ਉਨ੍ਹਾਂ ਕਿਹਾ ਕਿ ਲੈਡ ਪੋਰਟ ਅਥੌਰਟੀ ਨੇ ਅੱਜ ਤੋਂ ਡੇਢ ਸਾਲ ਪਹਿਲਾਂ ਇੱਥੇ 100 ਮੀਟਰ ਚੌੜਾ ਅਤੇ 60 ਮੀਟਰ ਉਚਾ ਦਰਸ਼ਨ ਸਥਲ ਬਣਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨਾਲ ਸਰਧਾਲੂ ਤ੍ਰਿਪਤ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਇਸ ਸੰਬੰਧੀ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਅਤੇ ਚਿੱਠੀ ਵੀ ਲਿਖਾਂਗਾ ਕਿ ਇਹ ਕਰਤਾਰਪੁਰ ਲਾਂਘਾ ਦਰਸ਼ਨਾਂ ਲਈ ਖੁਲ੍ਹਾ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਇੱਥੇ ਲੈਡ ਪੋਰਟ ਅਥੌਰਟੀ ਦੇ ਕਹੇ ਅਨੁਸਾਰ ਦਰਸ਼ਨ ਸਥਲ ਬਣਨਾ ਚਾਹੀਦਾ ਹੈ ਅਤੇ ਇਸ ਸਥਾਨ ਉੱਤੇ ਘੱਟੋ ਘੱਟ ਤਿੰਨ ਦੂਰਬੀਨਾਂ ਲੱਗਣੀਆਂ ਚਾਹੀਦੀਆਂ ਹਨ, ਤਾਂ ਜੋ ਜਿੰਨ੍ਹਾਂ ਕੋਲ ਪਾਰਟਪੋਰਟ ਨਹੀਂ ਉਹ ਸ਼ਰਧਾਲੂ ਵੀ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲੋਕਾਂ ਲਈ ਇੱਕ ਚਾਣਨ ਮਿਨਾਰਾ ਹੈ। ਇਸ ਪਵਿੱਤਰ ਅਸਥਾਨ ਤੋੋੋਂ ਕਿਰਤ ਦੀ ਖ਼ੁਸ਼ਬੂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਸ਼ਰਧਾਲੂਆਂ ਨੂੰ ਊਰਜਾ ਮਿਲਦੀ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਸੰਬੰਧੀ ਪੰਜਾਬ ਸਰਕਾਰ ਨਾਲ ਗੱਲਬਾਤ ਕਰੇ। ਪੰਜਾਬ ਸਰਕਾਰ ਕਰਤਾਰਪੁਰ ਲਾਂਘੇ ਦੇ ਮਸਲੇ ਨੂੰ ਪਹਿਲ ਦੇ ਆਧਾਰ ਉੱਤੇ ਲਵੇਗੀ।
ਉਨ੍ਹਾਂ ਕਰਤਾਰਪੁਰ ਲਾਂਘਾ ਖੁਲ੍ਹਣ ਲਈ ਓਸ ਅਕਾਲ ਪੁਰਖ ਨੂੰ ਵੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਭ ਕਰਨ ਕਰਾਉਣ ਵਾਲਾ ਓਹ ਪਾਤਸ਼ਾਹ ਹੀ ਹੈ। ਅਸੀਂ ਤਾਂ ਸਿਰਫ ਉਸਦੇ ਡਾਕੀਏ ਹੀ ਹਾਂ।
ਸ੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉਸ ਹਿੱਸੇ ਨਾਲ ਜੁੜਿਆ ਹੋਇਆ ਹੈ, ਜਿਥੇ ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਸ ਨਗਰ ਨੂੰ ਵਸਾਇਆ ਅਤੇ ਇਸ ਅਸਥਾਨ ਤੇ ਖੇਤੀ ਕਰਕੇ ਉਨ੍ਹਾਂ ਨੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਫਲਸਫ਼ਾ ਦਿੱਤਾ। ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ ਅਤੇ ਇਸੇ ਅਸਥਾਨ ਤੇ ਉਨ੍ਹਾਂ ਨੇ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀ ਜਿਨ੍ਹਾਂ ਨੂੰ ਭਾਈ ਲਹਿਣਾ ਜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਤਿਹਾਸਕਾਰਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਉੱਪਰ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਸਨ। ਇਸੇ ਸਥਾਨ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੂਰਾ ਪਰਿਵਾਰ ਆ ਕੇ ਵੱਸ ਗਿਆ ਸੀ ਅਤੇ ਇਸੇ ਸਥਾਨ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਖੀਰਲੇ ਸਮੇਂ ਵਿੱਚ ਉਨ੍ਹਾਂ ਦਾ ਪਰਿਵਾਰ ਇਸ ਜਗ੍ਹਾ 'ਤੇ ਰਿਹਾ ਹੈ ਅਤੇ ਇਸ ਸਥਾਨ ਉੱਪਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਇਹ ਉਹ ਸਥਾਨ ਹੈ, ਜਿਸ ਨੂੰ ਸਿਰਫ਼ ਹਿੰਦੂ ਹੀ ਨਹੀਂ ਸਗੋਂ ਸਿੱਖ ਅਤੇ ਮੁਸਲਮਾਨ ਵੀ ਓਨੀ ਹੀ ਸ਼ਰਧਾ ਨਾਲ ਪੂਜਦੇ ਹਨ। ਅੱਜ ਸਿੱਖ ਸੰਗਤਾਂ ਇਸ ਅਸਥਾਨ ਦੀ ਸੇਵਾ ਸੰਭਾਲ ਅਤੇ ਦਰਸ਼ਨਾਂ ਲਈ ਵੀ ਅਰਦਾਸ ਇਸ ਲਈ ਕਰਦੀਆਂ ਹਨ ਕਿਉਂਕਿ ਆਜ਼ਾਦੀ ਦੌਰਾਨ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤ-ਪਾਕਿ ਸੀਮਾ ਵਿਖੇ ਪਾਕਿਸਤਾਨ ਦੀ ਸੀਮਾ ਦੇ ਅੰਦਰ ਵਹਿ ਗਏ।
ਕਰੋਨਾ ਕਾਰਨ ਬੰਦ ਕੀਤਾ ਗਿਆ ਸੀ ਕਰਤਾਰਪੁਰ ਲਾਂਘਾ
ਕੋਰੋਨਾ ਮਹਾਮਾਰੀ ਦੀ ਲਪੇਟ ਵਿੱਚ ਪੂਰਾ ਵਿਸ਼ਵ ਆਇਆ। ਇਸ ਪ੍ਰਭਾਵ ਨਾਲ ਲੋਕ ਪ੍ਰਭਾਵਿਤ ਨਾ ਹੋਣ, ਇਸ ਲਈ ਭਾਰਤ ਸਰਕਾਰ ਨੇ 16 ਮਾਰਚ ਤੋਂ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਅਗਲੇ ਹੁਕਮਾਂ ਤੱਕ ਰੋਕ ਲੱਗਾ ਦਿੱਤੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਹੈ ਉਹ ਸ਼ਰਧਾਲੂ ਅੱਜ ਜਾਣਗੇ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਇਤਿਹਾਤ ਵਰਤਣ।
ਕਰਤਾਰਪੁਰ ਸਾਹਿਬ ਲਾਂਘੇ 'ਤੇ ਰਾਜਨੀਤਕ ਪ੍ਰਕਿਰਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਜਥੇ ਨੂੰ ਜਾਣ ਨਹੀਂ ਦੇ ਰਹੀ ਜੋ ਕਿ ਸਿਰਫ਼ ਇੱਕ ਧੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕੋਰੋਨਾ ਦਾ ਹਵਾਲਾ ਦੇ ਕੇ ਜਥਾ ਨੂੰ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਕਿ ਅਸੀਂ ਸਰਕਾਰ ਦੇ ਕਹਿਣ ਮੁਤਾਬਕ ਸਾਰੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਪਹਿਲਾਂ ਹੀ ਕਰਵਾ ਦਿੱਤੇ ਸਨ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਜੇਕਰ ਸਿੱਖਾਂ ਲਈ ਕੁਝ ਕਰਨਾ ਚਾਹੁਦੀ ਹੈ ਤਾਂ ਕਰਤਾਰਪੁਰ ਲਾਂਘਾ ਖੋਲ੍ਹ ਦੇਵੇ ਤਾਂ ਜੋ ਵਿਸਾਖੀ ਮੌਕੇ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜਾ ਸਕੇ।
ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਦੀਆਂ ਖ਼ਬਰਾਂ ਸਾਹਮਣੇ ਆਉਣ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ, ਭਾਰਤ ਸਰਕਾਰ ਤੋਂ ਵੀ ਤੁਰੰਤ ਲਾਂਘਾ ਖੋਲਣ ਦੀ ਮੰਗ ਕੀਤੀ ਹੈ।
ਕਰਤਾਰਪੁਰ ਸਾਹਿਬ ਲਾਂਘੇ ਉੱਪਰ ਅਕਾਲੀ ਦਲ ਦੇ ਬੁਲਾਰੇ ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਸਿੱਖ ਸੰਗਤਾਂ ਦੀ ਲੰਮੀ ਉਡੀਕ ਤੋਂ ਬਾਅਦ ਇਸ ਅਸਥਾਨ ਦੇ ਦਰਸ਼ਨ ਨਸੀਬ ਹੋਏ ਸਨ ਪਰ ਥੋੜ੍ਹੇ ਚਿਰ ਬਾਅਦ ਹੀ ਕੋਰੋਨਾ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਥੇ ਪਾਕਿਸਤਾਨ ਸਰਕਾਰ ਵੱਲੋਂ ਇਸ ਲਾਂਘੇ ਨੂੰ ਖੋਲ੍ਹਣ ਦਾ ਕੋਈ ਵੀ ਇਤਰਾਜ਼ ਨਹੀਂ ਹੈ ਅਤੇ ਭਾਰਤ ਵਿੱਚ ਵੀ ਕੋਰੋਨਾ ਵਰਗੀ ਭਿਆਨਕ ਬਿਮਾਰੀ ਤਕਰੀਬਨ ਇਸ ਹੱਦ ਤਕ ਠੀਕ ਹੋ ਚੁੱਕੀ ਹੈ ਕਿ ਭਾਰਤ ਵਿਚ ਅੱਜ ਸਕੂਲ, ਕਾਲਜ, ਗੁਰਦੁਆਰੇ, ਮੰਦਰ ਤੱਕ ਪੂਰੀ ਤਰ੍ਹਾਂ ਖੁੱਲ ਚੁੱਕੇ ਹਨ। ਪਰ ਬਾਵਜੂਦ ਇਸਦੇ ਅਜੇ ਵੀ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦੇ ਰਹੀ। ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨੂੰ ਇਹ ਗੁਜ਼ਾਰਿਸ਼ ਕੀਤੀ ਗਈ ਹੈ ਕਿ ਕਰਤਾਰਪੁਰ ਲਾਂਘੇ ਨੂੰ ਛੇਤੀ ਖੋਲ੍ਹਿਆ ਜਾਵੇ ਤਾਂ ਕਿ ਸਿੱਖ ਸੰਗਤਾਂ ਇੱਕ ਵਾਰ ਫਿਰ ਇਸ ਅਸਥਾਨ 'ਤੇ ਜਾ ਕੇ ਦਰਸ਼ਨ ਕਰ ਸਕੇ।
ਓਧਰ ਇਸ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਉਹ ਖ਼ੁਦ ਪੰਜਾਬ ਨਾਲ ਸਬੰਧ ਰੱਖਦੇ ਹਨ ਅਤੇ ਚਾਹੁੰਦੇ ਹਨ ਕਿ ਛੇਤੀ ਇਸ ਲਾਂਘੇ ਨੂੰ ਖੋਲ੍ਹਿਆ ਜਾਵੇ ਤਾਂ ਜੋ ਸੰਗਤਾਂ ਗੁਰੂ ਘਰ ਜਾ ਕੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਰਤਾਰਪੁਰ ਲਾਂਘੇ ਨੂੰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਨਹੀਂ ਖੋਲ੍ਹਿਆ ਗਿਆ ਉਹ ਸ਼ਾਇਦ ਕੋਰੋਨਾ ਦੇ ਤੀਸਰੇ ਫੇਸ ਕਰਕੇ ਹੈ ਤਾਂ ਕਿ ਲੋਕ ਕੋਰੋਨਾ ਦੀ ਤੀਜੀ ਵੇਵ ਤੋਂ ਬਚ ਸਕਣ।
ਪਿਛਲੇ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਕੋਰੀਡੋਰ ਦੇ ਬਾਹਰ ਖੜ੍ਹ ਕੇ ਅਰਦਾਸ ਕੀਤੀ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਐਲਾਨ ਕੀਤਾ ਗਿਆ ਹੈ। ਉੱਥੇ ਭਾਰਤ ਸਰਕਾਰ ਵੀ ਤੁਰੰਤ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹੇ।
ਇਹ ਵੀ ਪੜ੍ਹੋ:ਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਡੀਕ