ਗੁਰਦਾਸਪੁਰ : ਫਲੌਰ ਵਿਖੇ ਗੈਂਗਸਟਰ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਦੀ ਗੋਲੀ ਨਾਲ ਸ਼ਹੀਦ ਹੋਏ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਅਮਰਗੜ੍ਹ ਦੇ ਨੌਜਵਾਨ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੀ 17 ਜਨਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਅਰਦਾਸ ਕਰਵਾਈ ਗਈ। ਇਸ ਦੌਰਾਵ ਪਿੰਡ ਵਾਸੀ ਅਤੇ ਸਮਾਜ ਸੇਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਸਰਕਾਰ ਵੱਲੋਂ ਸ਼ਹੀਦ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਦੇ ਤੌਰ ਉਤੇ ਸ਼ਹੀਦ ਦੇ ਪਿੰਡ ਦੀ ਸੜਕ ਦਾ ਨਾਂਮ ਸ਼ਹੀਦ ਦੇ ਨਾਂਮ ਤੇ ਰੱਖਿਆ ਗਿਆ।
ਇਸ ਮੌਕੇ ਉਤੇ ਜਾਣਕਾਰੀ ਦਿੰਦਿਆਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਸ਼ਹਾਦਤ ਉਤੇ ਮਾਣ ਹੈ ਕਿ ਉਸਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋਣਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਪਿੰਡ ਦੀ ਸੜਕ ਦਾ ਨਾਮ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਨਾਮ ਉਤੇ ਰੱਖਿਆ ਹੈ ਅਤੇ ਜਿਸ ਗੈਂਗਸਟਰ ਨੇ ਉਨ੍ਹਾਂ ਦੇ ਭਰਾ ਨੂੰ ਗੋਲੀ ਮਾਰੀ ਸੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।