ਗੁਰਦਾਸਪੁਰ: ਇੱਕ ਜੁਲਾਈ ਨੂੰ ਗੁਰਦਾਸਪੁਰ ਦੇ ਤਿੱਬੜੀ ਰੋਡ ਸਥਿਤੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੱਲੋਂ ਹੋਰ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਦੇ ਸ਼ੱਕ ਕਾਰਨ ਇਕ ਫ਼ੌਜੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਚਲਦਿਆਂ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਮੇਤ 2 ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅੱਜ ਮ੍ਰਿਤਕ ਫੌਜੀ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਹਿੰਦੂ ਜਥੇਬੰਦੀਆਂ ਨੇ ਐਸਐਸਪੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਫੌਜੀ ਦੇ ਪਿਤਾ ਓਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੀਪਕ ਸਿੰਘ ਅਰੁਣਾਚਲ ਪ੍ਰਦੇਸ਼ ਅੰਦਰ ਗਰਿਫ ਵਿੱਚ ਨੌਕਰੀ ਕਰਦਾ ਸੀ ਅਤੇ 30 ਜੂਨ ਨੂੰ ਉਹ ਜਹਾਜ਼ ਰਾਹੀਂ ਅੰਮ੍ਰਿਤਸਰ ਆਇਆ ਸੀ ਅਤੇ ਅੰਮ੍ਰਿਤਸਰ ਤੋਂ ਬੱਸ ਰਾਹੀਂ ਉਸ ਨੇ ਪਿੰਡ ਆਉਣਾ ਸੀ। ਓਕਾਰ ਸਿੰਘ ਨੇ ਅੱਗੇ ਦੱਸਿਆ ਕਿ ਰਾਤ ਕਰੀਬ ਪੌਣੇ ਇਕ ਵਜੇ ਉਸ ਦੀ ਆਪਣੇ ਪੁੱਤਰ ਨਾਲ ਫੋਨ 'ਤੇ ਗੱਲ ਹੋਈ ਸੀ ਉਸ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਤਿੱਬੜੀ ਰੋਡ ਬਾਈਪਾਸ ਚੌਂਕ ਸਥਿਤ ਗੁਰਦੁਆਰੇ ਲਾਗੇ ਖੜ੍ਹਾ ਹੈ ਅਤੇ ਗੁਰਦੁਆਰੇ ਵਾਲਿਆਂ ਨੇ ਉਸ ਨੂੰ ਘੇਰਿਆ ਹੋਇਆ ਹੈ ਅਤੇ ਕਹਿ ਰਹੇ ਹਨ ਕਿ ਉਹ ਗੁਰਦੁਆਰੇ 'ਚ ਚੋਰੀ ਕਰਨ ਲਈ ਆਇਆ ਹੈ। ਬਾਅਦ ਵਿੱਚ ਦੀਪਕ ਦਾ ਫੋਨ ਬੰਦ ਹੋ ਗਿਆ ਅਤੇ ਸਵੇਰੇ ਜਦੋਂ ਉਹ ਗੁਰਦਾਸਪੁਰ ਆਏ ਤਾਂ ਪਤਾ ਲੱਗਾ ਕਿ ਦੀਪਕ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ।