ਮੋਦੀ ਸਰਕਾਰ ਦੀ ਝੋਲੀ ਪੰਜਾਬ ਲਈ ਖ਼ਾਲੀ ਹੋ ਚੁੱਕੀ ਹੈ : ਧਰਮਸੋਤ - ਭਾਜਪਾ ਸਰਕਾਰ
ਗੁਰਦਾਸਪੁਰ : ਕੇਂਦਰ ਦੀ ਭਾਜਪਾ ਸਰਕਾਰ ਦੀ ਝੋਲੀ ਪੰਜਾਬ ਲਈ ਖ਼ਾਲੀ ਹੋ ਚੁੱਕੀ ਹੈ। ਕੁੰਭ ਮੇਲੇ ਲਈ ਤਾਂ ਮੋਦੀ ਸਰਕਾਰ ਨੇ 10 ਹਜ਼ਾਰ ਕਰੋੜ ਰੁਪਏ ਦੇ ਦਿੱਤੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਲਈ ਕੁੱਝ ਨਾ ਦਿੱਤਾ। ਇਹ ਕਹਿਣਾ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ।
ਧਰਮਸੋਤ ਗੁਰਦਾਸਪੁਰ ਦੇ ਬਟਾਲੇ 'ਚ ਇੱਕ ਨਿੱਜੀ ਕਾਲਜ ਦੇ ਡਿਗਰੀ ਵੰਡ ਸਮਾਗਮ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਨਾਲ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਮੌਜੂਦ ਸਨ। ਧਰਮਸੋਤ ਨੇ ਹਿਸਾਬ ਅਤੇ ਸਾਇੰਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਾਉਣ ਬਾਰੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਬਿਲਕੁਲ ਸਹੀ ਦੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਜੋ ਕਹਿਣਾ ਹੈ ਕਹੇ ਪਰ ਸਰਕਾਰ ਦਾ ਇਹ ਫ਼ੈਸਲਾ ਬਿਲਕੁਲ ਠੀਕ ਹੈ।
ਧਰਮਸੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਝੋਲੀ ਪੰਜਾਬ ਲਈ ਖ਼ਾਲੀ ਹੋ ਚੁੱਕੀ ਹੈ। ਮੋਦੀ ਸਰਕਾਰ ਨੇ ਕੁੰਭ ਮੇਲੇ ਲਈ ਤਾਂ 10 ਹਜ਼ਾਰ ਕਰੋੜ ਦੇ ਦਿੱਤੇ ਪਰ ਮੋਦੀ ਨੇ ਪੰਜਾਬ ਵਿੱਚ ਆ ਕੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਲਈ ਕੁੱਝ ਨਹੀਂ ਦਿੱਤਾ। ਧਰਮਸੋਤ ਨੇ ਤੰਜ ਕਸਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਝੋਲੀ ਦੇ ਦਾਣੇ ਬਿਖਰ ਗਏ ਹਨ। ਮੋਦੀ ਜਾਣ ਵਾਲਾ ਹੈ ਅਤੇ ਰਾਹੁਲ ਗਾਂਧੀ ਆਉਣ ਵਾਲਾ ਹੈ। ਦੇਸ਼ ਦੀ ਜਨਤਾ ਰਾਹੁਲ ਗਾਂਧੀ ਦਾ ਸਵਾਗਤ ਕਰ ਰਹੀ ਹੈ।
ਧਰਮਸੋਤ ਨੇ ਪੰਜਾਬ ਵਿੱਚ ਬਣਨ ਜਾ ਰਹੇ ਤੀਜੇ ਬਦਲ ਪੰਜਾਬ ਡੈਮੋਕ੍ਰੇਟਿਵ ਫ਼ਰੰਟ ਨੂੰ ਲੈ ਕੇ ਤੰਜ ਭਰੇ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਤਗੜੇ ਹੋ ਕੇ ਚੋਣ ਲੜਨਾ ਚਾਹੀਦਾ ਹੈ। ਕੁੱਝ ਨਾ ਕੁੱਝ ਵੋਟ ਤਾਂ ਉਨ੍ਹਾਂ ਨੂੰ ਪੈ ਹੀ ਜਾਣਗੇ।