ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਗੁਰਦਾਸਪੁਰ : ਡੇਰਾ ਬਾਬਾ ਨਾਨਕ ਨਾਲ ਲੱਗਦਾ ਰਾਵੀ ਦਰਿਆ ਇਸ ਵੇਲੇ ਪੂਰੇ ਉਫਾਨ ਉਤੇ ਹੈ। ਰਾਵੀ ਦਰਿਆ ਵਿੱਚ ਸਵੇਰ ਤੋਂ ਹੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ, ਜਿਸ ਦਾ ਜਾਇਜ਼ਾ ਲੈਣੇ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਡੇਰਾ ਬਾਬਾ ਨਾਨਕ ਪਹੁੰਚੇ। ਇਥੇ ਉਨ੍ਹਂ ਨੇ ਸਤਿਥੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅੱਗਰਵਾਲ, ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।
ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰੇਗੀ ਸਰਕਾਰ :ਇਸ ਮੌਕੇ ਮੰਤਰੀ ਧਾਲੀਵਾਲ ਨੇ ਕਿਹਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ ਅਤੇ ਲੋਕਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਪਾਣੀ ਕਿਸੇ ਦੀ ਫ਼ਸਲ ਜਾ ਕੋਈ ਹੋਰ ਨੁਕਸਾਨ ਕਰਦਾ ਹੈ ਤਾਂ ਪੰਜਾਬ ਸਰਕਾਰ ਉਸਨੂੰ ਮੁਆਵਜ਼ਾ ਦੇਵੇਗੀ। ਇਸ ਮੌਕੇ ਉਤੇ ਮੰਤਰੀ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਉਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਤੇ ਕਾਂਗਰਸ ਨੇ 75 ਸਾਲ ਵਿੱਚ ਕੋਈ ਕੰਮ ਕੀਤਾ ਹੁੰਦਾ ਤਾਂ ਅੱਜ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾ ਝੱਲਣੀ ਪੈਂਦੀ।
ਸਰਕਾਰ ਹਰ ਸਮੱਸਿਆ ਨਾਲ ਨਜਿੱਠਣ ਲਈ ਤਿਆਰ :ਉਨ੍ਹਾਂ ਕਿਹਾ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਪੈਦਲ ਪਾਣੀ ਵਿੱਚ ਚੱਲ ਕੇ ਲੋਕਾਂ ਦੀ ਮਦਦ ਕਰਨ ਲਈ ਨਹੀਂ ਆਇਆ। ਉਨ੍ਹਾਂ ਕਿਹਾ ਇਹ ਮੁੱਖ ਮੰਤਰੀ ਭਗਵੰਤ ਮਾਨ ਹੀ ਹਨ, ਜੋ ਘਰ ਘਰ ਜਾ ਕੇ ਲੋਕਾਂ ਦਾ ਹਾਲ ਜਾਨ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਪਹੁੰਚੇ ਹਨ, ਇਸ ਲਈ ਉਨ੍ਹਾਂ ਨੂੰ ਸਰਕਾਰ ਉਤੇ ਟਿੱਪਣੀ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਹੈ, ਪਰ ਸਰਕਾਰ ਆਪਣਾ ਕੰਮ ਕਰ ਰਹੀ ਹੈ। ਸਾਰਾ ਪ੍ਰਸ਼ਾਸਨ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਤਿਆਰ ਬਰ ਤਿਆਰ ਹੈ। ਹਰਿਆਣਾ ਅਤੇ ਹਿਮਾਚਲ ਉਤੇ ਤੰਜ਼ ਕੱਸਦਿਆਂ ਕਿਹਾ ਕਿ ਹਿਮਾਚਲ ਹੁਣ ਆਪਣਾ ਪਾਣੀ ਡੱਕੇ ਅਤੇ ਹਰਿਆਣਾ ਹੁਣ ਪੰਜਾਬ ਦੇ ਕੋਲੋਂ ਪਾਣੀ ਲਵੇ।
ਇਸ ਮੌਕੇ ਡੀਸੀ ਗੁਰਦਾਸਪੁਰ ਨੇ ਕਿਹਾ ਕਿ ਉਹ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਸਵੇਰ ਤੋਂ ਲੈ ਕੇ ਹੁਣ ਤਿੰਨ ਲੱਖ ਕਿਊਸਕ ਪਾਣੀ ਉਝ ਵਿੱਚ ਛੱਡਣ ਦਾ ਪਤਾ ਲੱਗਿਆ ਸੀ, ਜਿਸ ਦਾ ਪਾਣੀ ਰਾਵੀ ਵਿੱਚੋਂ ਹੋ ਕੇ ਨਿਕਲਣਾ ਹੈ। ਇਸ ਪਾਣੀ ਦੀ ਮਾਰ ਤੋਂ ਬਚਾਅ ਦੇ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕਰਦੇ ਹੋਏ ਚੌਵੀ ਘੰਟਿਆਂ ਲਈ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਤਾਂ ਜੋ ਇਸ ਮੁਸ਼ਕਲ ਘੜੀ ਦੌਰਾਨ ਆਮ ਨਾਗਰਿਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।