ਗੁਰਦਾਸਪੁਰ :ਬਟਾਲਾ ਸ਼ਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸ ਨਾਲ ਕਈ ਸਿੱਖੀ ਇਤਿਹਾਸ ਸਬੰਧਤ ਹਨ। ਬਟਾਲਾ ਦਾ ਸਿੱਖ ਇਤਿਹਾਸ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਵੀ ਸਨ ਅਤੇ ਗੁਰੂ ਜੀ ਧਰਮ ਸੁਪਤਨੀ ਮਾਤਾ ਸੁਲੱਖਣੀ ਦਾ ਪੇਕਾ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਕਈ ਇਤਿਹਾਸਕ ਸਥਾਨ ਬਟਾਲਾ ਵਿੱਚ ਮੌਜੂਦ ਹਨ। ਇਨ੍ਹਾਂ ਥਾਵਾਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਸ਼ਾਮਲ ਹਨ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਇਤਿਹਾਸ : ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਗ੍ਰੰਥੀ ਭਾਈ ਕੁਲਵੰਤ ਸਿੰਘ ਮੁਤਾਬਕ, 1487 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੰਝ/ਬਰਾਤ ਲੈ ਕੇ ਆਪਣੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਸੀ, ਤਾਂ ਬਰਾਤ ਦੇ ਸਵਾਗਤ ਲਈ ਘਰ ਤੋਂ ਬਾਹਰ ਹੀ ਰੋਕੀ ਗਈ। ਇਸ ਦੌਰਾਨ ਜੰਝ ਸਮੇਤ ਗੁਰੂ ਨਾਨਕ ਦੇਵ ਜੀ ਇੱਕ ਪਲੰਘ 'ਤੇ ਇੱਕ ਕੰਧ ਦੇ ਨੇੜੇ ਬੈਠੇ ਸੀ।
ਗੁਰੂ ਜੀ ਨੇ ਕਿਉਂ ਕਿਹਾ ਸੀ ਇਹ ਕੰਧ ਕਦੇ ਨਹੀਂ ਡਿੱਗੇਗੀ :ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਂਹ ਦਾ ਮੌਸਮ ਹੋਣ ਕਾਰਨ ਇਲਾਕੇ ਦੀਆਂ ਕੁਝ ਕੁੜੀਆਂ ਨੇ ਸ਼ਰਾਰਤ ਕਰਦੇ ਹੋਏ ਇਸ ਕੰਧ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਸੁਟੱਣ ਦੀ ਵਿਉਂਅਤਬੰਦੀ ਬਣਾਈ। ਇਸ ਦੀ ਭਣਕ ਇੱਕ ਬਜ਼ੁਰਗ ਔਰਤ ਨੂੰ ਲੱਗੀ, ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਕੰਧ ਤੋਂ ਦੂਰ ਹੱਟ ਜਾਣ ਦੀ ਸਲਾਹ ਦਿੱਤੀ। ਬਜ਼ੁਰਗ ਵੱਲੋਂ ਦਿੱਤੀ ਇਸ ਸਲਾਹ 'ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਧ ਕਦੇ ਵੀ ਨਹੀਂ ਡਿੱਗੇਗੀ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਮੌਜੂਦ ਰਹੇਗੀ।