ਗੁਰਦਾਸਪੁਰ: ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸਾਰੀਆਂ ਮੰਗਾਂ ਮੰਨਣ ਦੇ ਐਲਾਨ ਬਾਅਦ ਰੇਲ ਰੋਕੋ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਇਸ ਮੋਰਚਾ ਦੀਆਂ ਮੁੱਖ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਅੱਜ ਸਵੇਰੇ ਧਰਨਾ ਚੁੱਕਿਆ ਹੈ। ਦੱਸ ਦਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੰਗਾਂ ਵਿੱਚ ਸੜਕੀ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਜਾਣ ਵਾਲੀ ਜਮੀਨ ਦੇ ਵਾਜ਼ਿਬ ਭਾਅ, ਗੰਨੇ ਦੇ ਬਕਾਏ, ਪ੍ਰਦੂਸ਼ਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਉੱਤੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਤੋਂ ਬਾਅਦ ਸਥਾਨਕ ਡੀ ਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਇਸ ਰੇਲ ਰੋਕੇ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ।
ਮੰਗਾ ਪੂਰੀਆਂ ਕਰਨ ਦਾ ਭਰੋਸਾ:ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਇਹ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਅਨੁਸਾਰ ਜਿਲ੍ਹੇ ਦੇ 4 ਪਿੰਡਾਂ ਦਾ ਅਵਾਰਡ ਵਧਾ ਕੇ ਨਵੇਂ ਸਿਰਿਓਂ ਕਰ ਦਿੱਤਾ ਗਿਆ ਹੈ, ਜਿਸ ਦੇ ਨੋਟੀਫਿਕੇਸ਼ਨ ਪੇਪਰ 10 ਮਾਰਚ ਨੂੰ ਦੇ ਦਿੱਤੇ ਜਾਣਗੇ ਅਤੇ ਇਸੇ ਅਵਾਰਡ ਦੇ ਪੱਧਰ ਨਾਲ ਐਕੁਆਇਰ ਕੀਤੀਆਂ ਜਾਣ ਵਾਲੀਆਂ ਬਾਕੀ ਜ਼ਮੀਨਾਂ ਦੇ ਮੁਆਵਜੇ ਦਿੱਤੇ ਜਾਣਗੇ ਨਾਲ ਹੀ ਪੰਧੇਰ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯਕੀਨ ਦੁਆਇਆ ਕਿ ਸਾਰੇ ਐਵਾਰਡ ਕਲੀਅਰ ਹੋ ਜਾਣ ਤੱਕ ਜ਼ਮੀਨਾਂ ਦੇ ਕਬਜ਼ੇ ਨਹੀਂ ਲਏ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਗੰਨੇ ਦੇ ਬਕਾਏ ਦੀ ਅਦਾਇਗੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਪਹਿਲੇ ਦਿਨ ਮੁਕੇਰੀਆਂ ਮਿੱਲ ਵੱਲੋਂ 3 ਕਰੋੜ, ਬੁੱਟਰ ਮਿੱਲ ਵੱਲੋਂ 2.80, ਕੀੜੀ ਮਿੱਲ ਵੱਲੋਂ 3 ਕਰੋੜ ਸਮੇਤ 12 ਕਰੋੜ ਰੁਪਏ ਜਾਰੀ ਕੀਤੇ ਗਏ ਅਤੇ ਆਸ਼ਵਾਸ਼ਨ ਦੁਆਇਆ ਕਿ ਰੋਜ਼ਾਨਾ ਇਸੇ ਤਰ੍ਹਾਂ ਪੈਸੇ ਪਾਏ ਜਾਣਗੇ । ਸ਼ਹੀਦ ਪਰਿਵਾਰਾਂ ਨੂੰ 31 ਮਾਰਚ ਤੱਕ ਨੌਕਰੀ ਅਤੇ ਮੁਆਵਜ਼ ਦੇ ਦਿੱਤੇ ਜਾਣਗੇ ।