ਗੁਰਦਾਸਪੁਰ: ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਮਾਂ-ਪਿਓ ਆਪਣੇ ਦਿਲ ਉੱਤੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ, ਪਰ ਜਦ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਆਉਂਦੀ ਹੈ ਤਾਂ ਮਾਂ-ਪਿਓ ਸਦਮਾ ਸਹਾਰ ਨਹੀਂ ਸਕਦੇ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕੀ ਪਿੰਡ ਸਰਵਾਲੀ ਤੋਂ ਜਿੱਥੋਂ ਦੇ ਨੌਜਵਾਨ ਸਰਦੂਲ ਸਿੰਘ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦਈਏ ਸਰਵਾਲੀ ਦਾ ਨੌਜਵਾਨ ਸਰਦੂਲ ਸਿੰਘ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਵਰਕ ਪਰਮਿਟ ਉੱਤੇ ਗਿਆ ਸੀ।
ਕੈਨੇਡਾ ਦੇ ਸ਼ਹਿਰ ਸਰੀ ਵਿੱਚ ਭੇਜਿਆ ਸੀ:ਮ੍ਰਿਤਕ ਸਰਦੂਲ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਸਰਦੂਲ ਸਿੰਘ ਨੂੰ ਬੜੇ ਚਾਵਾਂ ਦੇ ਨਾਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਭੇਜਿਆ ਸੀ । ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੂੰ ਫੋਨ ਉੱਤੇ ਸਰਦੂਲ ਦੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਹਾਰਟ ਅਟੈਕ ਆਇਆ ਅਤੇ ਉਸਦੀ ਮੌਤ ਹੋ ਗਈ ਹੈ। ਸਰਦੂਲ ਸਿੰਘ ਅਜੇ ਕੁਆਰਾ ਸੀ ਅਤੇ ਘਰ ਦਾ ਛੋਟਾ ਅਤੇ ਲਾਡਲਾ ਪੁੱਤ ਸੀ। ਮਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਮਾਂ ਪੁੱਤ ਦਾ ਚਿਹਰਾ ਆਖਰੀ ਵਾਰ ਵੇਖਣ ਲਈ ਤਰਸ ਰਹੀ ਹੈ। ਮ੍ਰਿਤਕ ਨੌਜਵਾਨ ਸਰਦੂਲ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮਦਦ ਲਈ ਅਪੀਲ ਕੀਤੀ। ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀਆਂ ਜਾਵੇ ਤਾਂ ਜੋ ਆਪਣੇ ਹੱਥੀਂ ਉਹ ਅੰਤਿਮ ਰਸਮਾਂ ਕਰ ਸਕਣ।