ਜਿਨ੍ਹੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ - shiv temple kalanaur
ਗੁਰਦਾਸਪੁਰ ਦੇ ਕਸਬਾ ਕਲਾਨੌਰ ਦਾ ਪੁਰਾਤਣ ਸ਼ਿਵ ਮੰਦਰ ਆਪਣੀ ਇਤਿਹਾਸਕ ਮਹੱਤਤਾ ਕਾਰਨ ਮਸ਼ਹੂਰ ਹੈ। ਮੁਗ਼ਲ ਸਮਰਾਟ ਅਕਬਰ ਦੇ ਸਮੇਂ ਵਿੱਚ ਬਣਾਏ ਗਏ ਇਸ ਮੰਦਰ ਵਿੱਚ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ਤੋਂ ਆਪਣੀ ਆਸਥਾ ਪੂਰੀ ਕਰਨ ਆਉਂਦੇ ਹਨ।
ਗੁਰਦਾਸਪੁਰ: ਸਾਰੇ ਭਾਰਤ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪੁਰਾਤਣ ਸ਼ਿਵ ਮੰਦਿਰ 'ਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਸ਼ਿਵ ਮੰਦਿਰ 500 ਸਾਲ ਪੁਰਾਣਾ ਹੈ ਤੇ ਇਸ ਮੰਦਿਰ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਅਤੇ ਮੁਗ਼ਲ ਬਾਦਸ਼ਾਹ ਜਲਾਲ-ਉਦ-ਦੀਨ ਮੁਹੰਮਦ ਅਕਬਰ ਨੇ ਕਰਵਾਈ ਸੀ। ਇੱਥੇ ਸ਼ਿਵ ਭਗਤਾਂ ਦਾ ਮੰਨਣਾ ਹੈ ਕਿ ਸ਼ਿਵਰਾਤਰੀ ਦੇ ਦਿਨ ਇਹ ਸ਼ਿਵਲਿੰਗ ਚਾਵਲ ਦੇ ਦਾਣੇ ਜਿਨ੍ਹਾਂ ਵਧਦਾ ਹੈ ਅਤੇ ਇਸ ਮੰਦਿਰ ਵਿੱਚ ਲੋਕਾਂ ਦੀ ਬਹੁਤ ਆਸਥਾ ਹੈ। ਹਰ ਸਾਲ ਇਸ ਮੰਦਿਰ ਵਿੱਚ ਨਤਮਸਤਕ ਹੋਣ ਲਈ ਦੇਸ਼ -ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਹਨ।
ਇਸ ਮੰਦਰ ਬਾਰੇ ਮਾਨਤਾ ਹੈ ਕਿ ਜਦੋਂ ਮੁਗ਼ਲ ਸਮਰਾਟ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਦੇ ਸਮੇਂ ਉਨ੍ਹਾਂ ਦੀ ਫ਼ੌਜ ਕਲਾਨੌਰ ਆਈ ਤਾਂ ਇੱਕ ਸੁੰਨਸਾਨ ਥਾਂ ਤੋਂ ਜਦੋ ਉਨ੍ਹਾਂ ਦੇ ਘੋੜੇ ਗੁਜ਼ਰਦੇ ਸਨ ਤਾਂ ਉਹ ਲੰਗੜੇ ਹੋ ਜਾਂਦੇ ਸਨ। ਜਦੋਂ ਸੈਨਿਕਾਂ ਨੇ ਇਸ ਦੀ ਜਾਣਕਾਰੀ ਅਕਬਰ ਬਾਦਸ਼ਾਹ ਨੂੰ ਦਿੱਤੀ ਤਾਂ ਉਨ੍ਹਾਂ ਨੇ ਜ਼ਮੀਨ ਪੁੱਟਣ ਲਈ ਕਿਹਾ ਤੇ ਜਦ ਜ਼ਮੀਨ ਦੀ ਖ਼ੁਦਾਈ ਕੀਤੀ ਗਈ ਤਾਂ ਉਸ ਵਿੱਚ ਇੱਕ ਸ਼ਿਵਲਿੰਗ ਨਿਕਲਿਆ। ਉਸ ਤੋਂ ਬਾਅਦ ਤੋਂ ਹੀ ਅਕਬਰ ਬਾਦਸ਼ਾਹ ਨੇ ਉਸ ਥਾਂ ਉੱਤੇ ਮੰਦਿਰ ਦੀ ਉਸਾਰੀ ਕਰਵਾ ਦਿੱਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਦੂਰੋਂ-ਦੂਰੋਂ ਸ਼ਿਵ ਭਗਤ ਆ ਕੇ ਆਪਣੀ ਮਨੋਕਾਮਨਾ ਪੂਰੀ ਕਰਦੇ ਹਨ।