ਪਾਕਿ ਜੇਲ੍ਹ ਚੋਂ ਰਿਹਾਅ ਹੋ ਕੇ ਆਇਆ ਨੌਜਵਾਨ ਬਿਆਨ ਕਰ ਰਿਹਾ ਹੱਡਬੀਤੀ ਗੁਰਦਾਸਪੁਰ: ਸਾਲ 2020 ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਕਾਮਲਪੁਰ ਦਾ ਨੌਜਵਾਨ ਪਾਕਿਸਤਾਨ ਚਲਾ ਗਿਆ ਸੀ। ਉਸ ਦੇ ਕਹਿਣ ਮੁਤਾਬਕ ਉਹ ਨਸ਼ੇ ਵਿੱਚ ਸੀ ਅਤੇ ਮੱਛੀਆਂ ਫੜ੍ਹਦੇ ਹੋਏ ਕਿਵੇਂ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ, ਉਸ ਨੂੰ ਅੰਦਾਜਾ ਹੀ ਨਹੀਂ ਸੀ। ਹੁਣ ਉਹ ਤਿੰਨ ਸਾਲ ਦੀ ਸਜ਼ਾ ਕੱਟ ਕੇ ਵਾਪਸ ਅਪਣੇ ਵਤਨ ਪਰਤਿਆ ਹੈ। ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਹੋ ਕੇ ਦੂਜਾ ਜਨਮ ਮਿਲ ਗਿਆ ਹੈ, ਪਰ ਅਜੇ ਵੀ ਪਾਕਿਸਤਾਨ ਦੀ ਲਾਹੌਰ ਜੇਲ੍ਹ ਵਿੱਚ ਉਸ ਨਾਲ ਰਹਿੰਦੇ 15 ਭਾਰਤੀਆਂ ਵਿੱਚੋਂ 5 ਨੌਜਵਾਨ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਤੇ ਆਪਣੇ ਵਤਨ ਨੂੰ ਆਉਣ ਲਈ ਤੜਪ ਰਹੇ ਹਨ।
ਸਰੀਰਕ ਤੇ ਮਾਨਸਿਕ ਤੌਰ 'ਤੇ ਕੀਤਾ ਟਾਰਚਰ: ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਰਜਿੰਦਰ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਪਰਿਵਾਰ ਸਮੇਤ ਪੁੱਤਰ ਨੂੰ ਵੇਖ ਕੇ ਖੁਸ਼ ਹਨ। ਪਾਕਿਸਤਾਨ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਨੌਜਵਾਨ ਹਰਜਿੰਦਰ ਸਿੰਘ ਦਾ ਮੁਰਝਾਇਆ ਚਿਹਰਾ, ਖਾਮੋਸ਼ ਸੁਭਾਅ, ਵਾਰ ਵਾਰ ਤੱਬਕਣਾ , ਅੱਖਾਂ ਵਿੱਚੋਂ ਹੰਝੂ ਆਉਂਣੇ ਦਿਲ ਵਿੱਚ ਭਰੇ ਖ਼ੌਫ਼ ਨੂੰ ਬਿਆਨ ਕਰ ਰਿਹਾ ਹੈ।
ਇਸ ਮੌਕੇ ਹਰਜਿੰਦਰ ਸਿੰਘ ਨੇ ਦੁੱਖ ਭਰੀ ਦਾਸਤਾਨ ਦੱਸਦਿਆਂ ਹੋਇਆ ਕਿਹਾ ਕਿ ਉਹ 2020 ਦੇ ਮਈ ਮਹੀਨੇ ਨਸ਼ੇ ਦੀ ਹਾਲਤ ਵਿੱਚ ਕੌਮਾਂਤਰੀ ਸਰਹੱਦ ਰਾਹੀਂ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਪ੍ਰਵੇਸ਼ ਕਰ ਗਿਆ ਸੀ ਅਤੇ ਇਸ ਦੌਰਾਨ ਉਸ ਨੂੰ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਫ਼ੜ ਲਿਆ ਗਿਆ। ਉਨ੍ਹਾਂ ਵੱਲੋਂ ਕਈ ਦਿਨ ਪੁਛ-ਪੜਤਾਲ ਤੇ ਕੁੱਟਮਾਰ ਕਰਨ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਦੀ ਗੋਰਾ ਜੇਲ੍ਹ ਜਿਸ ਨੂੰ ਅੰਗਰੇਜ਼ ਫੌਜ ਵੱਲੋਂ ਬਣਾਇਆ ਗਿਆ ਸੀ, ਦੇ ਤਹਿਖ਼ਾਨੇ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਦੋ ਮਹੀਨੇ ਜਿਸਮਾਨੀ ਤੇ ਮਾਨਸਿਕ ਤੌਰ ਉੱਤੇ ਤਸੀਹੇ ਦਿੱਤੇ ਗਏ।
ਪਾਕਿ ਜੇਲ੍ਹ ਚੋਂ ਰਿਹਾਅ ਹੋਏ ਨੌਜਵਾਨ ਦੀ ਹੱਡਬੀਤੀ ਕਈ ਘੰਟਾ ਖੜ੍ਹਾ ਰੱਖਦੇ ਸੀ: ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਦਿਨ ਰਾਤ 10-12 ਘੰਟੇ ਖੜਾ ਰੱਖਿਆ ਜਾਂਦਾ ਰਿਹਾ, ਕੁਝ ਪਲ ਬਿਠਾਉਣ ਤੋਂ ਬਾਅਦ ਦੋ ਮਹੀਨੇ ਹਨ੍ਹੇਰ ਕੋਠੜੀ ਵਿੱਚ ਬੰਦ ਕਰਨ ਤੋਂ ਬਾਅਦ ਉਸ ਨੂੰ ਸੂਰਜ ਵੇਖਣਾ ਨਸੀਬ ਹੋਇਆ ਸੀ। ਇਸ ਉਪਰੰਤ ਉਸ ਨੂੰ ਸਿਆਲਕੋਟ ਦੇ ਗੁਜਰਾਂਵਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ-ਦੋ ਹਫ਼ਤਿਆਂ ਬਾਅਦ ਅਦਾਲਤ ਦੀਆਂ ਤਰੀਕਾਂ ਪੈਂਦੀਆਂ ਰਹੀਆਂ ਹਨ। ਉਪਰੰਤ ਅਦਾਲਤ ਨੇ ਇੱਕ ਮਹੀਨਾ, 25 ਦਿਨ ਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਅਤੇ ਇਸ ਤੋਂ ਬਾਅਦ ਉਸ ਨੂੰ ਲਾਹੌਰ ਜੇਲ੍ਹ ਵਿੱਚ 4 ਨੰਬਰ ਬਲਾਕ ਵਿੱਚ ਸੁੱਟ ਦਿੱਤਾ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਵਿੱਚ ਕੇਵਲ 15 ਭਾਰਤੀ ਹੀ ਬੰਦ ਸਨ, ਜਿੱਥੇ ਉਸ ਨੂੰ ਸਵੇਰੇ ਚਾਹ ਦਾ ਕੱਪ ਇਕ ਰੋਟੀ, ਦੁਪਹਿਰ ਨੂੰ ਦੋ ਜਾਂ ਤਿੰਨ ਆਟੇ ਦੇ ਸੂੜੇ ਦੀਆਂ ਰੋਟੀਆਂ, ਰਾਤ ਵੇਲੇ ਇੱਕ ਰੋਟੀ ਦਾਲ ਤੇ ਆਲੂਆਂ ਦੀ ਸਬਜ਼ੀ ਨਾਲ ਮਿਲਦੀ ਸੀ। ਉਸ ਨੇ ਦੱਸਿਆ ਕਿ ਜਿਸ ਬਲਾਕ (ਚੱਕੀਆਂ) ਵਿੱਚ ਉਹ ਰਹਿੰਦਾ ਸੀ ਉਸ ਵਿੱਚ ਹੀ 15 ਭਾਰਤੀ ਨੌਜਵਾਨ, ਜਿਨ੍ਹਾਂ ਵਿੱਚ 5 ਕੈਦੀ ਸਨ।
ਜੇਲ੍ਹ 'ਚ ਦਿਮਾਗੀ ਸੰਤੁਲਨ ਗੁਆ ਚੁੱਕੇ ਕਈ ਭਾਰਤੀ:ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾਹੌਰ ਜੇਲ੍ਹ ਵਿੱਚ ਬੰਦ ਭਾਰਤੀ ਨੌਜਵਾਨ ਜੋ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ। ਉਨ੍ਹਾਂ ਵਿੱਚ ਰਮਤੁ ਕੁਮਾਰ ਉਮਰ ਤਕਰੀਬਨ 45 ਸਾਲ, ਰਾਜਸਥਾਨ ਦਾ ਰਹਿਣ ਵਾਲਾ ਹੈ, ਜੋ ਆਪਣੇ ਮੂੰਹੋ ਅਕਸਰ ਹੱਸਰ ਗੜ ਸਨੌਰ ਬੋਲਦਾ ਰਹਿੰਦਾ ਹੈ। ਪ੍ਰਸੰਗ ਜੀਤ ਜਿਸ ਦੀ ਉਮਰ 25 ਸਾਲ ਦੇ ਕਰੀਬ ਹੋਵੇਗੀ, ਜੋ ਬਹੁਤ ਪੜ੍ਹਿਆ ਲਿਖਿਆ ਹੈ ਅਤੇ ਆਪਣੇ ਆਪ ਨੂੰ ਯੂਪੀ ਦਾ ਦੱਸਦਾ ਹੈ, ਉਸ ਦਾ ਵੀ ਦਿਮਾਗੀ ਸਤੁਲਨ ਖ਼ਰਾਬ ਹੋ ਚੁੱਕਾ ਹੈ। ਸੂਰਜਪਾਲ, ਜੋ ਸਿਰਫ਼ ਪੱਟੜੀ ਦਾ ਰਸਤਾ ਛੱਡ ਦਿਓ ਰੌਲਾ ਪਾਉਂਦਾ ਰਹਿੰਦਾ ਹੈ। ਇਸ ਤੋਂ ਇਲਾਵਾ ਇਕ ਕਰੀਬ 30 ਸਾਲ ਦੇ ਗੁੰਗਾ ਭਾਰਤੀ ਨੌਜਵਾਨ ਵੀ ਆਪਣਾ ਦਿਮਾਗ਼ੀ ਸੰਤੁਲਨ ਨੂੰ ਗੁਆ ਚੁੱਕਾ ਹੈ। ਇਸ ਤੋਂ ਇਲਾਵਾ ਬਸੀਰ (42) ਜੰਮੂ ਅਤੇ ਮਤਿਆਜ਼ ਦਿੱਲੀ (45) ਦੋਵੇਂ 10-10 ਸਾਲ ਦੀ ਸਜ਼ਾ ਭੁਗਤ ਰਹੇ ਹਨ। ਕਈ ਹੋਰ ਮਹਿਲਾਵਾਂ ਸਣੇ ਸੋਨੂੰ ਕੁਮਾਰ ਜੰਮੂ ਸਮੇਤ 15 ਭਾਰਤੀ ਪਾਕਿਸਤਾਨ ਦੀ ਲਾਹੌਰ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਨੂੰ ਛੁਡਾਉਣ ਲਈ ਭਾਰਤ ਸਰਕਾਰ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਭਾਰਤ ਸਰਕਾਰ ਦਾ ਧੰਨਵਾਦ ਤੇ ਅਪੀਲ: ਇਸ ਮੌਕੇ ਹਰਜਿੰਦਰ ਸਿੰਘ ਨੇ ਭਾਰਤ ਸਰਕਾਰ ਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ ਜਿਸ ਸਕਦਾ ਉਹ ਉਸ ਨਰਕ ਭਰੀ ਜਿੰਦਗੀ ਤੋਂ ਬਾਹਰ ਨਿਕਲ ਸਕਿਆ। ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਚੁੱਕੀਆਂ ਸਨ ਅਤੇ ਉਹ ਜੇਲ੍ਹ ਵਿੱਚ ਬੰਦ ਪ੍ਰਮਾਤਮਾ ਦਾ ਸਿਮਰਨ ਕਰਦਾ ਰਿਹਾ ਸੀ ਅਤੇ ਬੁੱਧਵਾਰ ਵਾਰ ਸ਼ਾਮ ਨੂੰ ਜੇਲ੍ਹ ਦੇ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਸਵੇਰੇ ਤੋਂ ਚੱਲ ਜਾਵੇਗਾ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਸ ਨੇ ਦੱਸਿਆ ਕਿ ਅਟਾਰੀ ਬਾਰਡਰ ਰਾਹੀਂ ਉਸ ਨੂੰ ਘਰ ਤੱਕ ਪਹੁੰਚਾਇਆ ਅਤੇ ਉਸ ਨੂੰ ਆਪਣੇ ਘਰ ਦੀਆਂ ਗਲੀਆਂ ਅਤੇ ਪਿੰਡ ਦਾ ਨਕਸ਼ਾ ਵੀ ਭੁੱਲ ਚੁੱਕਾ ਹੈ। ਇਸ ਮੌਕੇ ਤੇ ਉਸ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉੱਥੇ ਬੰਦ ਹੋਰ ਨੌਜਵਾਨ ਤੇ ਮਹਿਲਾਵਾਂ ਨੂੰ ਰਿਹਾਅ ਕਰਵਾਉਣ, ਤਾਂ ਜੋ ਉਹ ਵੀ ਅਪਣਿਆਂ ਵਿੱਚ ਆ ਕੇ ਰਹਿ ਸਕਣ।