ਗੁਰਦਾਸਪੁਰ: ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਹੁਣ ਪੁਲਿਸ ਮੁਲਾਜ਼ਮਾਂ ਨੂੰ ਦੰਗੇ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਟ੍ਰੇਨਿੰਗ ਵਿੱਚ ਜੇਕਰ ਪੁਲਿਸ ਮੁਲਾਜ਼ਮਾਂ ਉਪਰ ਪੱਥਰਬਾਜ਼ੀ ਜਾਂ ਫਿਰ ਲਾਠੀਆਂ,ਕਿਰਪਾਨਾਂ ਨਾਲ ਹਮਲਾ ਹੁੰਦਾ ਹੈ ਤਾਂ ਪੁਲਸ ਮੁਲਜ਼ਮਾਂ ਨੂੰ ਉਸ ਸਮੇਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਅਤੇ ਹਮਲਾ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਰੋਕਣਾ ਹੈ ਉਸ ਦੀ ਟ੍ਰੇਨਿੰਗ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਦਿੱਤੀ ਗਈ। ਖ਼ਾਸ ਤੌਰ ਉੱਤੇ ਟ੍ਰੇਨਿੰਗ ਦੌਰਾਨ ਹਮਲੇ ਤੋਂ ਬਚਾਅ ਲਈ ਗੱਤਕੇ ਦੀ ਸਿਖਲਾਈ ਵੀ ਦਿੱਤੀ ਗਈ।
ਗੱਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ: ਇਸ ਖ਼ਾਸ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਨੇ ਦੱਸਿਆ ਕੀ ਅੱਜ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਦੰਗੇ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਖ਼ਾਸ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਧਰਨੇ ਵਰਗੀ ਜਾਂ ਫਿਰ ਦੰਗੇ ਵਰਗੀ ਸਥਿਤੀ ਬਣਾਈ ਗਈ ਅਤੇ ਬਾਅਦ ਵਿੱਚ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਉਸ ਸਮੇਂ ਆਪਣਾ ਬਚਾਅ ਕਰਦੇ ਹੋਏ ਵਿਗੜ ਰਹੇ ਹਲਾਤਾਂ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਉੱਪਰ ਡਾਂਗਾਂ, ਪੱਥਰਾਂ ਨਾਲ ਜਾਂ ਫਿਰ ਕ੍ਰਿਪਾਨਾਂ ਨਾਲ ਹਮਲਾ ਹੁੰਦਾ ਹੈ ਤਾਂ ਉਸ ਆਪਣਾ ਬਚਾਅ ਕਿੱਦਾਂ ਕੀਤਾ ਜਾ ਸਕਦਾ ਹੈ, ਇਸ ਲਈ ਪੁਲਸ ਕਰਮਚਾਰੀਆਂ ਨੂੰ ਗੱਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਭੀੜ ਨੂੰ ਤਿਤਰ-ਬਿਤਰ ਕਰਨ ਦੇ ਲਈ ਕਿਸ ਸਮੇਂ ਹੰਝੂ ਗੈਸ ਦੇ ਗੋਲੇ ਸੁੱਟਣੇ ਹਨ ਇਹ ਸਾਰੀ ਟਰੇਨਿੰਗ ਮੌਕ ਡਰਿੱਲ ਵਿੱਚ ਦਿੱਤੀ ਗਈ ਹੈ। ਐੱਸਐੱਸਪੀ ਗੁਰਦਾਸਪੁਰ ਨੇ ਇਹ ਵੀ ਕਿਹਾ ਕਿ ਪਹਿਲੇ ਸਮਿਆਂ ਵਿੱਚ ਭੀੜ ਉੱਤੇ ਕਾਬੂ ਕਰਨ ਲਈ ਪੁਲਿਸ ਨੂੰ ਮੌਕ ਡਰਿੱਲਾਂ ਰਾਹੀਂ ਨਵੇਂ ਨਵੇਂ ਆਧੁਨਿਕ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ।