ਗੁਰਦਾਸਪੁਰ: ਬਟਾਲਾ ਦੇ ਕਸਬਾ ਫਤਿਹਗ੍ਹੜ ਚੂੜੀਆਂ ਦੇ ਪਿੰਡ ਸੰਗਤਪੁਰਾ ਵਿੱਚ ਬੀਤੀ ਦੇਰ ਰਾਤ ਲੁਟੇਰਾ ਗੈਂਗ ਅਤੇ ਫਤਿਹਗੜ੍ਹ ਚੂੜੀਆਂ ਪੁਲਿਸ ਦਰਮਿਆਨ ਹੋਏ ਮੁਕਾਬਲੇ ਵਿੱਚ ਪੁਲਿਸ ਟੀਮ ਦਾ ਕਾਂਸਟੇਬਲ ਜੁਗਰਾਜ ਸਿੰਘ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ। ਪੁਲਿਸ ਮੁਤਾਬਿਕ ਮੁਕਾਬਲੇ ਦੌਰਾਨ ਆਹਮੋ-ਸਾਹਮਣੇ 30 ਦੇ ਕਰੀਬ ਗੋਲੀਆਂ ਚੱਲੀਆਂ ਅਤੇ ਇਸ ਦਰਮਿਆਨ ਇੱਕ ਕਾਂਸਟੇਬਲ ਜੁਗਰਾਜ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਜਿਸ ਕਾਰਣ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੁਗਰਾਜ ਦਾ ਇਲਾਜ ਅੰਮ੍ਰਿਤਸਰ ਦੇ ਫੋਰਟਿਜ਼ ਹਸਪਤਾਲ ਵਿੱਚ ਚੱਲ ਰਿਹਾ ਹੈ।
20 ਹਜ਼ਾਰ ਰੁਪਏ ਅਤੇ ਦੋ ਮੋਬਾਈਲਾਂ ਦੀ ਲੁੱਟ:ਮਾਮਲੇ ਸਬੰਧੀ ਪੂਰੀ ਜਾਣਕਾਰੀ ਸਾਂਝਾ ਕਰਦਿਆਂ ਬਟਾਲਾ ਦੇ ਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਲੁਟੇਰਾ ਗੈਂਗ ਦੇ ਵੱਲੋਂ ਪਿੰਡ ਘਣੀਏ ਦੇ ਬਾਂਗੜ ਵਿੱਚ ਬਈਕ ਸਵਾਰ ਕੁੜੀ ਅਤੇ ਮੁੰਡੇ ਨੂੰ ਘੇਰਿਆ ਗਿਆ ਅਤੇ ਗੰਨ ਪੁਆਇੰਟ ਉੱਤੇ ਉਨ੍ਹਾਂ ਕੋਲੋਂ 20 ਹਜ਼ਾਰ ਰੁਪਏ ਨਕਦੀ ਅਤੇ ਦੋ ਮੋਬਾਈਲਾਂ ਦੀ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਫੌਰੀ ਤੌਰ ਉੱਤੇ ਕਾਰਵਾਈ ਕਰਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਦੋਂ ਕਿ ਚਾਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਮਗਰੋਂ ਪੁਲਿਸ ਵੱਲੋਂ ਲੁਟੇਰਿਆਂ ਦਾ ਲਗਾਤਾਰ ਪਿੱਛਾ ਕੀਤਾ ਗਿਆ ਅਤੇ ਇਸ ਦੌਰਾਨ ਪੁਲਿਸ ਟੀਮਾਂ ਨੇ ਲੁਟੇਰਿਆਂ ਨੂੰ ਪਿੰਡ ਸੰਗਤਪੁਰਾ ਵਿੱਚ ਘੇਰਾ ਪਾ ਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਲੁਟੇਰਿਆਂ ਨੇ ਫਰਾਰ ਹੋਣ ਲਈ ਪੁਲਿਸ ਪਾਰਟੀ ਉੱਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇਸ ਫਾਇਰਿੰਗ ਦੌਰਾਨ ਹੀ ਕਾਂਸਟੇਬਲ ਜੁਗਰਾਜ ਸਿੰਘ ਨੂੰ ਗੋਲ਼ੀ ਵੱਜੀ ਅਤੇ ਉਹ ਜ਼ਖ਼ਮੀ ਹੋ ਗਿਆ।