ਗੁਰਦਾਸਪੁਰ: ਬਟਾਲਾ ਨੇੜਲੇ ਪਿੰਡ ਹਰਦਾਨ ਵਿੱਚ ਦਾਖਲ ਹੁੰਦਿਆਂ ਹੀ ਜਦੋਂ ਇਲਾਹੀ ਬਾਣੀ ਦੇ ਕੀਰਤਨ ਦੀ ਮਿੱਠੀ ਅਵਾਜ਼ ਤੁਹਾਡੇ ਕੰਨਾਂ ਵਿਚ ਪੈਂਦੀ ਹੈ ਤਾਂ ਇਹ ਤੁਹਾਡੀ ਰੂਹ ਨੂੰ ਅਨੰਦ ਦਾ ਅਹਿਸਾਸ ਕਰਾ ਜਾਂਦੀ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲਦੇ ਗੁਰਬਾਣੀ ਕੀਰਤਨ ਦਾ ਪਿੰਡ ਹਰਦਾਨ ਦੇ ਵਾਸੀ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਘਰ ਹੀ ਅਨੰਦ ਮਾਣ ਰਹੇ ਹਨ।
ਗੁਰਬਾਣੀ ਰਾਹੀਂ ਰੂਹਾਨੀਅਤ ਦੇ ਰੰਗ ਵਿੱਚ ਰੰਗਿਆ ਪਿੰਡ ਹਰਦਾਨ
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲਦੇ ਗੁਰਬਾਣੀ ਕੀਰਤਨ ਦਾ ਪਿੰਡ ਹਰਦਾਨ ਦੇ ਵਾਸੀ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਘਰ ਹੀ ਅਨੰਦ ਮਾਣ ਰਹੇ ਹਨ। ਪਿੰਡ ਹਰਦਾਨ ਦੀ ਇਸ ਪਹਿਲਕਦਮੀ ਨੂੰ ਪੂਰੇ ਇਲਾਕੇ ਵਿੱਚ ਸਰਾਹਿਆ ਜਾ ਰਿਹਾ ਹੈ।
ਪਿੰਡ ਹਰਦਾਨ ਦੀ ਇਸ ਪਹਿਲਕਦਮੀ ਨੂੰ ਪੂਰੇ ਇਲਾਕੇ ਵਿੱਚ ਸਰਾਹਿਆ ਜਾ ਰਿਹਾ ਹੈ। ਪਿੰਡ ਦੇ ਲੋਕ ਜਿਥੇ ਪਿੰਡ ਵਿੱਚ ਆਪਣੇ ਕਾਰ-ਵਿਹਾਰ ਕਰਦੇ ਹਨ ਉੱਥੇ ਉਹ ਮਿੱਠੀ ਅਵਾਜ਼ ਵਿੱਚ ਕੀਰਤਨ ਸੁਣ ਕੇ ਗੁਰੂ ਚਰਨਾ ਨਾਲ ਜੁੜ ਰਹੇ ਹਨ। ਪਿੰਡ ਹਰਦਾਨ ਦੇ ਸਰਪੰਚ ਗੁਰਦੀਪ ਸਿੰਘ ਬਾਜਵਾ ਨੇ ਆਪਣੇ ਪਿੰਡ ਦੀ ਇਸ ਨਵੀਂ ਪਹਿਲਕਦਮੀ ਬਾਰੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਉੱਪਰ ਚਾਰੇ ਪਾਸੇ ਲੱਗੀਆਂ ਸੋਲਰ ਲਾਈਟਾਂ ਦੇ ਪੋਲਾਂ ਨਾਲ 8 ਹਾਈ-ਕੁਆਲਿਟੀ ਦੇ ਸਪੀਕਰ ਲਗਾਏ ਗਏ ਹਨ। ਇਨ੍ਹਾਂ ਸਪੀਕਰਾਂ ਦਾ ਕੰਟਰੋਲ ਇੱਕ ਥਾਂ ਰੱਖਿਆ ਗਿਆ ਹੈ ਜਿੱਥੋਂ ਇੰਟਰਨੈਟ ਦੇ ਜਰੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਾਸਰਣ ਨੂੰ ਲਾਈਵ ਇਨ੍ਹਾਂ ਸਪੀਕਰਾਂ ਜਰੀਏ ਸੁਣਾਇਆ ਜਾਂਦਾ ਹੈ।
ਸਪੀਕਰਾਂ ਦੀ ਅਵਾਜ਼ ਏਨੀ ਕੁ ਕੀਤੀ ਜਾਂਦੀ ਹੈ ਕਿ ਸੁਣਨ ਵਾਲੇ ਨੂੰ ਅਨੰਦ ਆਵੇ ਅਤੇ ਕਿਸੇ ਤਰਾਂ ਦਾ ਸ਼ੋਰ ਵੀ ਨਾ ਹੋਵੇ। ਪਿੰਡ ਵਿੱਚ ਲਗਾਏ ਇਨ੍ਹਾਂ ਸਪੀਕਰਾਂ ਤੋਂ ਪਿੰਡ ਵਾਲਿਆਂ ਨੂੰ ਕੋਈ ਜਰੂਰੀ ਸੂਚਨਾ ਜਾਂ ਇਤਲਾਹ ਦੇਣ ਦਾ ਕੰਮ ਵੀ ਲਿਆ ਜਾਂਦਾ ਹੈ। ਮੀਂਹ ਕਣੀ ਤੋਂ ਬਚਾਉਣ ਲਈ ਸਪੀਕਰਾਂ ਨੂੰ ਲੋਹੇ ਦੀ ਛੱਤਰੀ ਨਾਲ ਢੱਕਿਆ ਗਿਆ ਹੈ। ਸਰਪੰਚ ਸ. ਗੁਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਵਿੱਚ ਸਪੀਕਰ ਲਗਾਉਣ ਦੇ ਇਸ ਪ੍ਰੋਜੈਕਟ ਉਪਰ ਪੰਚਾਇਤ ਵੱਲੋਂ 50 ਹਜ਼ਾਰ ਰੁਪਏ ਖਰਚੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ 50 ਹਜ਼ਾਰ ਰੁਪਏ ਦੇ ਇਸ ਪ੍ਰੋਜੈਕਟ ਨੇ ਸਾਰੇ ਪਿੰਡ ਦੇ ਮਹੌਲ ਨੂੰ ਹੀ ਰੂਹਾਨੀਅਤ ਵਿੱਚ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਸਮਾਜਿਕ ਬੁਰਾਈਆਂ ਖਿਲਾਫ਼ ਲਾਮਬੱਧ ਹੋਣ ਦਾ ਸੁਨੇਹੇ ਦਿੰਦੇ ਬੋਰਡ ਪਿੰਡ ਦੀ ਹਰ ਗਲੀ-ਮੋੜ ਉੱਪਰ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ਉੱਪਰ ਲਿਖੀਆਂ ਇਬਾਰਤਾਂ ਚੰਗਾ ਮਨੁੱਖ ਬਣਨ ਦੀ ਤਾਕੀਦ ਕਰਦੀਆਂ ਹਨ।