ਗੁਰਦਾਸਪੁਰ: ਜ਼ਿਲ੍ਹੇ ਦੇ ਕਾਹਨੂੰਵਾਨ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਪੰਜਾਬ ਭਰ ਵਿੱਚ ਟਾਪ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਜੁਲਾਈ ਦਿਨ ਮੰਗਲਵਾਰ ਨੂੰ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ।
ਟਾਪਰ ਨੇ ਈਟੀਵੀ ਭਾਰਤ ਨੂੰ ਦੱਸਿਆ- ਖਗੋਲ ਵਿਗਿਆਨ 'ਚ ਬਣਾਉਣਾ ਚਾਹੁੰਦੀ ਹੈ ਭਵਿੱਖ ਕਾਹਨੂੰਵਾਨ ਦੇ ਸਰਕਾਰੀ ਸਕੂਲ ਵਿੱਚ ਪੜ੍ਹਣ ਵਾਲੀ ਪਰਵਿੰਕਲਜੀਤ ਕੌਰ ਨੇ ਬਾਰ੍ਹਵੀਂ ਦੇ ਬੋਰਡ ਦੇ ਇਮਤਿਹਾਨਾਂ ਵਿੱਚੋਂ 99.77 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ।
ਈਟੀਵੀ ਭਾਰਤ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਪਰਵਿੰਕਲਜੀਤ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਨਾਨ-ਮੈਡੀਕਲ ਨਾਲ ਕੀਤੀ ਹੈ, ਜਿਸ ਵਿੱਚ ਉਸ ਦੇ 450 ਵਿੱਚੋਂ 449 ਅੰਕ ਪ੍ਰਾਪਤ ਕੀਤੇ ਹਨ।
ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਵੀਡੀਓ ਕਾਲ ਰਾਹੀਂ ਵਧਾਈ ਵੀ ਦਿੱਤੀ ਗਈ ਸੀ। ਜਿਸ ਬਾਰੇ ਪਰਵਿੰਕਲਜੀਤ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੋਚਿਆ ਸੀ ਉਸ ਨੂੰ ਮੁੱਖ ਮੰਤਰੀ ਕਾਲ ਕਰਨਗੇ ਅਤੇ ਵਧਾਈ ਦੇਣਗੇ।
ਉਸ ਨੇ ਆਪਣੇ ਭਵਿੱਖ ਬਾਰੇ ਦੱਸਿਆ ਕਿ ਉਹ ਬੀ.ਐੱਸ.ਈ ਫ਼ਿਜ਼ਿਕਸ ਜਾਂ ਫ਼ਿਰ ਖਗੋਲ ਵਿਗਿਆਨ ਵਿੱਚ ਕਰਨਾ ਚਾਹੁੰਦੀ ਹੈ।
ਪਰਵਿੰਕਲਜੀਤ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸਾਬਕਾ ਫ਼ੌਜੀ ਹਨ ਅਤੇ ਉਨ੍ਹਾਂ ਨੂੰ ਆਪਣੀ ਧੀ ਦੀ ਇਸ ਪ੍ਰਾਪਤੀ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕਹਿੰਦੇ ਹਨ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਧੀਆ ਨਹੀਂ ਹੈ ਤਾਂ ਇਹ ਲੋਕਾਂ ਦੀ ਸੋਚ ਗਲਤ ਹੈ। ਨਾਲ ਹੀ ਉਨ੍ਹਾਂ ਨੇ ਆਪਣੀ ਧੀ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਅਧਿਆਪਕਾਂ ਨੂੰ ਦਿੱਤਾ ਹੈ।
ਸਕੂਲ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਲੜਕੀ ਇਕੱਲੀ ਪੜ੍ਹਾਈ ਹੀ, ਬਲਕਿ ਬਾਕੀ ਹੋਰ ਕਿਰਿਆਵਾਂ ਵਿੱਚ ਵੀ ਮੋਹਰੀ ਸੀ।