ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਸਕੂਲਾਂ ਲਈ ਜਾਰੀ ਕੀਤੇ ਗਏ ਸਨ, ਜਿਸ ਤਹਿਤ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਸੀ। ਉੱਥੇ ਹੀ ਇਸ ਗੰਭੀਰ ਮੁੱਦੇ ’ਤੇ ਬੋਲਦਿਆਂ ਰਾਸਾ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਯੂਕੇ ਨੇ ਦੱਸਿਆ ਕਿ ਪ੍ਰਬੰਧਕ ਸਕੂਲ ਖੋਲ੍ਹਣ ਲਈ ਤਿਆਰ ਹਨ ਪਰ ਜੋ ਹਦਾਇਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਹਨ, ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹਨ।
ਵਿਦੇਸ਼ਾਂ ’ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ’ਤੇ ਸਰਕਾਰਾਂ ਵੱਲੋਂ ਮੁਆਵਜ਼ਾ ਦਿੱਤਾ ਗਿਆ
ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਪੰਜਾਬ ਸਰਕਾਰ ਦੀ ਇਹ ਕੋਝੀ ਚਾਲ ਹੈ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਕੂਲ ਇਸ ਲਈ ਖੋਲ੍ਹੇ ਗਏ ਹਨ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਛੱਡ ਕਿਸਾਨ ਅੰਦੋਲਨ ’ਚ ਦਿੱਲੀ ਵਿਖੇ ਸ਼ਾਮਲ ਨਾ ਹੋ ਸਕਣ। ਉਨ੍ਹਾਂ ਕਿਹਾ ਵਿਦੇਸ਼ਾਂ ’ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ’ਤੇ ਸਰਕਾਰਾਂ ਵੱਲੋਂ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਗਈ, ਪਰ ਸਾਡੇ ਦੇਸ਼ ’ਚ ਸਰਕਾਰਾਂ ਨੇ ਬੱਚਿਆਂ ਦਾ ਮਾਨਸਿਕ ਤੇ ਆਰਥਿਕ ਪੱਖੋਂ ਸ਼ੋਸ਼ਣ ਕੀਤਾ।
ਸਰਕਾਰ ਦੀਆਂ ਗਲਤ ਸਿੱਖਿਆ ਨੀਤੀਆਂ ਕਾਰਨ ਅਧਿਆਪਕ ਪੈਣਗੇ ਖੁਦਕੁਸ਼ੀਆਂ ਦੇ ਰਾਹ
ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦ ਹੀ ਉਹ ਵੀ ਸੰਘਰਸ਼ ਵੀ ਵਿੱਢਣਗੇ ਤਾਂ ਜੋ ਬੱਚਿਆਂ ਤੇ ਅਧਿਆਪਕਾਂ ਬਣਦੇ ਹੱਕ ਪ੍ਰਾਪਤ ਕੀਤੇ ਜਾ ਸਕਣ। ਉੱਥੇ ਹੀ ਇਕ ਪੁੱਛੇ ਗਏ ਸਵਾਲ ’ਤੇ ਬੋਲਦੇ ਹੋਏ ਯੂਕੇ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਪਹਿਲਾਂ ਸਿਰਫ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਪਰ ਹੁਣ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅਧਿਆਪਕ ਵੀ ਖੁਦਕੁਸ਼ੀਆਂ ਦੇ ਰਾਹ ਪੈਣਗੇ। ਇਸ ਦੀ ਸ਼ੁਰੂਆਤ ’ਚ ਜਲਦ ਹੀ ਉਹ ਭੁੱਖ ਹੜਤਾਲ ਜਾਂ ਮਰਨ ਵਰਤ ’ਤੇ ਬੈਠ ਕੇ ਕਰਨਗੇ।