ਗੁਰਦਾਸਪੁਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਕੁਮੈਂਟ ਕਰਨ ਵਾਲੇ ਸਕੂਲ ਦੇ ਹੈਡ ਟੀਚਰ ਨੂੰ ਸਿੱਖਿਆ ਵਿਭਾਗ ਵੱਲੋਂ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੀ ਹੈ ਪੂਰਾ ਮਾਮਲਾ
ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ ਇਕੱਠਿਆਂ ਲੰਗਰ ਛਕਿਆ ਸੀ ਜਿਸ ਵਿਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਇਕ ਟੇਬਲ ਉੱਤੇ ਲੰਗਰ ਦਾ ਪ੍ਰਸ਼ਾਦ ਰੱਖ ਕੇ ਛੱਕ ਰਹੇ ਹਨ। ਇਹ ਪੋਸਟ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ ਤੇ ਲੋਕਾਂ ਨੇ ਇਸ ਉੱਤੇ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ। ਉੱਥੇ ਹੀ ਗੁਰਦਾਸਪੁਰ ਦੇ ਇੱਕ ਟੀਚਰ ਨੂੰ ਇਸ ਪੋਸਟ 'ਤੇ ਕੁਮੈਂਟ ਕਰਨਾ ਮਹਿੰਗਾ ਪੈ ਗਿਆ ਜਿਸ ਕਰਕੇ ਮੁੱਖ ਮੰਤਰੀ ਨੂੰ ਕੁਮੈਂਟ ਕਰਨ 'ਤੇ ਸਿੱਖਿਆ ਵਿਭਾਗ ਨੇ ਹੈਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ।
ਮਾਮਲੇ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀ ਜਾਣਕਾਰੀ
ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ (ਗੁਰਦਾਸਪੁਰ) ਵਿੱਚ ਬਤੋਰ ਹੈਡ ਟੀਚਰ ਕੰਮ ਕਰ ਰਿਹਾ ਸੀ। ਇਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਗਰ ਖਾਣ ਵਾਲੀ ਫ਼ੋਟੋ ਨੂੰ ਆਫਿਸ਼ਲ ਗਰੁੱਪ ਵਿਚ ਭੇਜ ਕੇ ਗ਼ਲਤ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਸ ਗਰੁੱਪ ਵਿੱਚ ਗੁਰਮੀਤ ਸਿੰਘ ਨੇ ਫ਼ੋਟੋ ਭੇਜੀ ਸੀ ਉਸ ਗਰੁੱਪ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵੀ ਸ਼ਾਮਿਲ ਸਨ। ਡੀਸੀ ਨੇ ਨੋਟਿਸ ਲੈਂਦਿਆਂ ਗੁਰਮੀਤ ਸਿੰਘ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪੜਤਾਲ ਕੀਤੀ ਤੇ ਦੋਸ਼ੀ ਨੇ ਆਪਣੀ ਗ਼ਲਤੀ ਵੀ ਮੰਨੀ। ਇਸ ਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ ਜਿਸ ਤੋਂ ਬਾਅਦ ਇਸ ਅਧਿਆਪਕ ਨੂੰ ਸਸਪੈਂਡ ਕਰ ਦਿਤਾ ਗਿਆ।