ਗੁਰਦਾਸਪੁਰ : ਪਿੰਡ ਤੁੰਗ ਵਿੱਚ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ 28 ਸਾਲਾਂ ਨੌਜਵਾਨ ਜੂਸਫ ਮਸੀਹ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਮੁਤਾਬਕ ਪ੍ਰੇਮੀ-ਜੋੜਾ ਪਿਛਲੇ 2 ਸਾਲਾਂ ਤੋਂ ਪ੍ਰੇਮ-ਸੰਬੰਧ ਵਿੱਚ ਸਨ। ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਪ੍ਰੇਮਿਕਾ ਦੇ ਭਰਾਵਾਂ ਨੇ ਕੀਤਾ ਕਤਲ ਮ੍ਰਿਤਕ ਨੌਜਵਾਨ ਜੂਸਫ ਮਸੀਹ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਦੇ ਪਿੰਡ ਦੀ ਹੀ ਲੜਕੀ ਮਨਪ੍ਰੀਤ ਨਾਲ ਪਿਛਲੇ 2 ਸਾਲ ਤੋਂ ਪ੍ਰੇਮ ਸੰਬੰਧ ਸਨ ਅਤੇ ਲੜਕੀ ਉਨ੍ਹਾਂ ਦੇ ਬੇਟੇ ਨਾਲ ਘਰੋਂ ਭੱਜ ਗਈ ਸੀ ਪਰ ਫ਼ਿਰ ਵਾਪਿ ਆਉਣ 'ਤੇ ਪੰਚਾਇਤ ਵਿੱਚ ਬੈਠ ਰਾਜ਼ੀਨਾਮਾ ਹੋ ਗਿਆ ਸੀ। ਲੜਕੀ ਫ਼ਿਰ ਵੀ ਉਨ੍ਹਾਂ ਦੇ ਲੜਕੇ ਨੂੰ ਫ਼ੋਨ ਕਰਦੀ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਨੂੰ ਉਨ੍ਹਾਂ ਦਾ ਲੜਕਾ ਕੰਮ 'ਤੇ ਗਿਆ ਸੀ ਅਤੇ ਲੜਕੀ ਦੇ ਭਰਾਵਾਂ ਨੇ ਉਸ ਨੂੰ ਰਸਤੇ ਵਿੱਚੋਂ ਅਗਵਾ ਕਰ ਲਿਆ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਦੂਸਰੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਤੁੰਗ ਪਿੰਡ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨੌਜਵਾਨ ਜੂਸਫ ਮਸੀਹ ਦਾ ਪਿੰਡ ਦੀ ਹੀ ਲੜਕੀ ਮਨਪ੍ਰੀਤ ਨਾਲ ਪ੍ਰੇਮ ਸੰਬੰਧ ਸਨ ਅਤੇ ਦੇਰ ਰਾਤ ਲੜਕੀ ਮਨਪ੍ਰੀਤ ਨੇ ਆਪਣੇ ਪ੍ਰੇਮੀ ਜੂਸਫ ਮਸੀਹ ਨੂੰ ਮਿਲਣ ਲਈ ਘਰ ਬੁਲਾਇਆ ਸੀ।
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਮੌਕੇ 'ਤੇ ਫੜ ਲਿਆ ਅਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸਾਰੇ ਦੋਸ਼ੀ ਅਜੇ ਫ਼ਰਾਰ ਹਨ।