ਗੈਂਗਸਟਰਾਂ ਵੱਲੋਂ ਕੀਤੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਗੁਰਦਾਸਪੁਰ:ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਉੱਤੇ ਗੋਲੀਆਂ ਚਲਾ ਕੇ ਦੋ ਗੈਂਗਸਟਰ ਫਰਾਰ ਹੋ ਗਏ ਹਨ। ਜਾਣਾਕਾਰੀ ਮੁਤਾਬਿਕ ਪੁਲਿਸ ਨੇ ਗੈਂਗਸਟਰਾਂ ਦੇ ਦੋ ਪਿਸਤੌਲ ਅਤੇ ਇਕ ਕਾਰ ਬਰਾਮਦ ਕਰ ਲਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਨੇੜਲੇ ਇਲਾਕੇ ਵਿੱਚ ਗੈਂਗਸਟਰਾਂ ਦੀ ਭਾਲ ਦਾ ਅਭਿਆਨ ਵੀ ਵਿੱਢ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਗੈਂਗਸਟਰਾਂ ਉੱਤੇ ਪਹਿਲਾ ਵੀ ਕਈ ਕੇਸ ਦਰਜ ਹਨ।
ਦੇਰ ਰਾਤ ਇਲਾਕੇ ਵਿੱਚ ਘੁੰਮ ਰਹੇ ਸਨ ਗੈਂਗਸਟਰ :ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਭੈਣੀ ਮੀਆਂ ਖਾਨ ਦੇ ਐੱਸਐੱਚਓ ਨੇ ਦੱਸਿਆ ਕਿ ਘਟਨਾਂ ਦੇਰ ਰਾਤ ਉਸ ਵੇਲੇ ਦੀ ਹੈ ਜਦੋਂ ਥਾਣਾ ਭੈਣੀ ਮੀਆਂ ਖਾਨ ਨੂੰ ਇਤਲਾਹ ਮਿਲੀ ਕਿ ਦੋ ਨੌਜਵਾਨ ਇਲਾਕੇ ਵਿੱਚ ਅਸਲਾ ਲੈਕੇ ਘੁੰਮ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਕਿਸੇ ਘਟਨਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ।
ਪੁਲਿਸ ਉੱਤੇ ਕੀਤੀ ਗੈਂਗਸਟਰਾਂ ਨੇ ਫਾਇਰਿੰਗ :ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਇਤਲਾਹ ਮਿਲੀ ਤਾਂ ਪੁਲਿਸ ਨੇ ਇਹਨਾਂ ਦੋਵੇ ਨੌਜਵਾਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇਹਨਾਂ ਨੌਵਜਾਨਾਂ ਦੇ ਵੱਲੋਂ ਪੁਲਿਸ ਉੱਤੇ ਫਾਇਰਿੰਗ ਵੀ ਕੀਤੀ ਗਈ ਪਰ ਪੁਲਿਸ ਨੇ ਸਾਹਮਣੇ ਤੋਂ ਕੋਈ ਜਵਾਬੀ ਫਾਇਰਿੰਗ ਨਹੀਂ ਕੀਤੀ ਕਿਉੱਕਿ ਉਸ ਇਲਾਕੇ ਵਿੱਚ ਆਮ ਜਨਤਾ ਵੀ ਪੁਲਿਸ ਦਾ ਸਾਥ ਦੇ ਰਹੀ ਸੀ।
ਹਨੇਰੇ ਦਾ ਫਾਇਦਾ ਚੁੱਕਦੇ ਗੈਂਗਸਟਰ ਹੋਏ ਫਰਾਰ :ਉਨ੍ਹਾਂ ਦੱਸਿਆ ਕਿ ਪੁਲਿਸ ਨਹੀਂ ਚਾਹੁੰਦੀ ਸੀ ਕਿ ਕਿਸੇ ਵੀ ਕਿਸਮ ਦਾ ਕੋਈ ਜਾਨੀ ਨੁਕਸਾਨ ਹੋਵੇ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਨਰਮੀ ਅਤੇ ਹਨੇਰੇ ਦਾ ਫਾਇਦਾ ਲੈਂਦੇ ਇਹ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਪਰ ਭੱਜਦੇ ਹੋਏ ਉਹਨਾਂ ਦੇ ਪਿਸਤੌਲ ਡਿੱਗ ਗਏ ਜੋ ਕਿ ਪੁਲਿਸ ਨੇ ਬਰਾਮਦ ਕਰ ਲਏ ਹਨ। ਇਸ ਤੋਂ ਗੈਂਗਸਟਰਾਂ ਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਅਤੇ ਨੌਜਵਾਨਾਂ ਦੀ ਪਛਾਣ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਗੁਰਦਾਸਪੁਰ ਦੇ ਪਿੰਡ ਬੁੱਢਾਬਾਲਾ ਦੇ ਹੀ ਰਹਿਣ ਵਾਲੇ ਹਨ ਅਤੇ ਇਹਨਾਂ ਨੌਵਜਾਨਾ ਵਿਚੋਂ ਮੱਖਣ ਨਾਮਕ ਨੌਜਵਾਨ ਉਤੇ ਪਹਿਲਾ ਵੀ 12 ਵੱਖ ਵੱਖ ਤਰ੍ਹਾਂ ਦੇ ਕੇਸ ਦਰਜ ਹਨ। ਪੁਲਿਸ ਇਸ ਮਾਮਲੇ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।