ਗੁਰਦਾਸਪੁਰ:ਬੀਤੀ ਦੇਰ ਰਾਤ ਬਟਾਲਾ ਦੇ ਅਧੀਨ ਪੈਂਦੇ ਪਿੰਡ ਦਹੀਆ ਵਿਖੇ ਦੋ ਧਿਰਾਂ ਦਰਮਿਆਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਾਬਕਾ ਸਰਪੰਚ ਸਰਵਣ ਸਿੰਘ ਉਮਰ 65 ਸਾਲ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਦੂਸਰੀ ਧਿਰ ਦੇ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਹਨ। ਜਿਹਨਾ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ: ਪੁਲਿਸ ਨੇ ਬਿਆਨਾਂ ਦੇ ਅਧਾਰ 'ਤੇ ਕੇਸ ਦਰਜ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਬਕਾ ਸਰਪੰਚ ਮ੍ਰਿਤਕ ਸਰਵਣ ਸਿੰਘ ਦੇ ਬੇਟੇ ਜਤਿੰਦਰ ਨੇ ਕੁਝ ਵਿਅਕਤੀਆਂ ਦੇ ਨਾਮ ਦੱਸਦੇ ਹੋਏ ਕਿਹਾ ਕਿ ਅੱਠ ਲੋਕ ਦੋ ਗੱਡੀਆਂ ਉਤੇ ਸਵਾਰ ਹੋ ਕੇ ਸਾਡੇ ਘਰ ਆਏ। ਜਿਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੇ ਪਿਤਾ ਬਾਹਰ ਹੀ ਬੈਠੇ ਹੋਏ ਸੀ ਉਹਨਾਂ ਦੇ ਗੋਲੀਆ ਲੱਗਣ ਕਾਰਨ ਮੌਤ ਹੋ ਗਈ।
ਮੁਲਜ਼ਮਾਂ ਉਤੇ ਪਹਿਲਾਂ ਵੀ ਕਤਲ ਕੇਸ: ਜਤਿੰਦਰ ਅਨੁਸਾਰ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕੇ ਉਕਤ ਵਿਅਕਤੀਆਂ ਵੱਲੋਂ ਸਾਡੇ 'ਤੇ ਹਮਲਾ ਕਿਉਂ ਕੀਤਾ। ਉਹਨਾਂ ਦੱਸਿਆ ਕਿ ਹਮਲਾਵਰ ਪਹਿਲਾ ਵੀ ਦੋ ਕਤਲ ਦੇ ਕੇਸਾਂ ਵਿਚੋਂ ਬਰੀ ਹੋ ਕੇ ਬਾਹਰ ਆਏ ਹਨ। ਅਜੇ ਵੀ ਉਨ੍ਹਾਂ ਉਤੇ ਦੂਸਰੇ ਕੇਸ ਚਲ ਰਹੇ ਹਨ। ਪ੍ਰਸ਼ਾਸਨ ਪਤਾ ਨਹੀਂ ਕਿਉਂ ਉਨ੍ਹਾਂ ਅਸਲੇ ਨੂੰ ਜਬਤ ਨਹੀਂ ਕਰਦਾ ਹੈ।