ਗੁਰਦਾਸਪੁਰ: ਬਟਾਲਾ ਸਥਿਤ ਇੱਕ ਪਟਾਕੇ ਬਣਾਉਣ ਵਾਲੀ ਫ਼ੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ 8 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਭਲਕੇ ਹਾਲਾਤਾਂ ਦਾ ਜਾਇਜ਼ਾ ਲੈਣ ਬਟਾਲਾ ਜਾਣਗੇ।
ਜਾਣਕਾਰੀ ਮੁਤਾਬਕ ਇਸ ਧਮਾਕੇ ਕਾਰਨ ਨੇੜੇ-ਤੇੜੇ ਦੀਆਂ ਕਈ ਇਮਾਰਤਾਂ ਖੜ੍ਹੀਆਂ-ਖੜ੍ਹੀਆਂ ਮਲਬੇ ਵਿੱਚ ਤਬਦੀਲ ਹੋ ਗਈਆਂ। ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਬਟਾਲਾ ਦੇ ਐੱਸਡੀਐੱਮ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਫ਼ੈਕਟਰੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਘਟਨਾ ਨਾਲ ਪੂਰੇ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਘਟਨਾ ਵਾਲੀ ਥਾਂ ਫਾਇਰ ਬ੍ਰਿਗੇਡ ਤੇ ਬਚਾਅ ਦਲ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ।
ਹਾਦਸੇ ਦੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲਿਸ ਪ੍ਰਸ਼ਾਸਨ, ਫ਼ਾਇਰ ਬ੍ਰਿਗੇਡ, ਸਿਵਲ ਡਿਫੈਂਸ, ਪੰਜਾਬ ਹੋਮਗਾਰਡ ਦੇ ਜਵਾਨਾਂ, ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ, ਸਥਾਨਕ ਲੋਕਾਂ ਸਮੇਤ ਐੱਨ.ਡੀ.ਆਰ.ਐੱਫ ਦੀ ਟੀਮ ਪੀੜਤ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਣ ਅਤੇ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਹਨ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਬਟਾਲਾ 'ਚ ਹੋਏ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ।