ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ 10 ਅਪ੍ਰੈਲ ਤੱਕ ਗਿਰਦਾਵਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਗੁਰਦਾਸਪੁਰ ਦੇ ਕਈ ਅਜਿਹੇ ਪਿੰਡ ਹਨ ਜਿਹਨਾਂ ਪਿੰਡਾਂ ਵਿੱਚ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ। ਜਿਸ ਕਰਕੇ ਕਿਸਾਨਾਂ ਵਿੱਚ ਰੋਸ ਦੀ ਲਹਿਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੇਮੌਸਮੀ ਬਰਸਾਤ ਨੇ ਵੱਡਾ ਝਟਕਾ ਲਾਇਆ ਹੈ, ਪਰ ਸਰਕਾਰ ਜਿੰਨਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੀ ਗੱਲ ਕਹਿ ਰਹੀ ਹੈ ਉਹ ਬਹੁਤ ਘੱਟ ਹੈ।
ਖੁਦਕੁਸ਼ੀਆਂ ਲਈ ਮਜਬੂਰ:ਪਿੰਡ ਬਖ਼ਤਪੁਰ ਦੇ ਕਿਸਾਨਾਂ ਜੀਵਨ ਸਿੰਘ ,ਅਮਰਜੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਕਿੱਲੇ ਪੈਲੀ ਉੱਤੇ ਉਨ੍ਹਾਂ ਦੀ ਆਪਣੀ ਮਲਕੀਅਤ ਹੈ ਅਤੇ ਕੁਝ ਪੈਲੀ ਉਹਨਾਂ ਨੇ ਠੇਕੇ ਉੱਤੇ ਲੈ ਰੱਖੀ ਹੈ। ਬੇਮੌਸਮੀ ਬਰਸਾਤ ਕਾਰਨ ਲਗਭਗ ਸਾਰੀ ਦੀ ਸਾਰੀ ਕਣਕ ਵਿਛ ਗਈ ਅਤੇ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਦੀ ਲਗਭਗ ਸਾਢੇ ਤਿੰਨ ਸੌ ਕਿੱਲੇ ਪੈਲੀ ਵਿੱਚੋਂ 200 ਕਿੱਲੇ ਦੇ ਕਰੀਬ ਪੈਲੀ ਦੀ ਕਣਕ ਖਰਾਬ ਹੋ ਚੁੱਕੀ ਹੈ ਪਰ ਇਲਾਕੇ ਵਿੱਚ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਪਟਵਾਰੀ ਨਹੀਂ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਪੰਦਰਾਂ ਹਜ਼ਾਰ ਰੁਪਏ ਦਾ ਮੁਆਵਜ਼ਾ ਘੋਸ਼ਿਤ ਕੀਤਾ ਗਿਆ ਹੈ ਉਹ ਬਹੁਤ ਹੀ ਘੱਟ ਹੈ। ਇਸ ਤੋਂ ਵੱਧ ਤਾਂ ਫ਼ਸਲ ਬੀਜਣ ਵਿੱਚ ਹੀ ਖਰਚਾ ਆ ਜਾਂਦਾ ਹੈ। ਜੇ ਸਰਕਾਰ ਵੱਲੋਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਫਿਰ ਤੋਂ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।