ਬਟਾਲਾ: ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਜਿਸ ਨੂੰ ਲੈ ਕੇ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਿਨ-ਰਾਤ ਧਰਨਿਆਂ ਉੱਤੇ ਡਟੀਆਂ ਹੋਈਆਂ ਹਨ। ਕਿਸਾਨਾਂ ਨੇ ਭਾਵੇਂ ਮਾਲ ਗੱਡੀਆਂ ਲਈ ਰੇਲ ਰਸਤੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਪਰ ਪੂਰੇ ਪੰਜਾਬ ਵਿੱਚ ਅੰਬਾਨੀਆਂ ਤੇ ਅੰਡਾਨੀਆਂ ਦੀ ਮਾਲਕੀਅਤ ਵਾਲੀ ਰਿਲਾਇੰਸ ਕੰਪਨੀ ਦੇ ਪੰਪ, ਸਟੋਰ ਅਤੇ ਰਾਸ਼ਟਰੀ ਮਾਰਗਾਂ ਉੱਤੇ ਲੱਗੇ ਟੋਲ ਪਲਾਜ਼ੇ ਬੰਦ ਕੀਤੇ ਹੋਏ ਹਨ।
ਇਸੇ ਦੇ ਤਹਿਤ ਬਟਾਲਾ ਦੇ ਨੇੜੇ ਜਲੰਧਰ ਰੋਡ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਉੱਤੇ ਪਿਛਲੇ 20 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਦੇ ਧਰਨੇ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ ਅਤੇ ਦੇਰ ਰਾਤ ਤੱਕ ਇਸ ਧਰਨੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਆਗੂ ਅਤੇ ਨੌਜਵਾਨ ਸ਼ਾਮਿਲ ਹੋ ਰਹੇ ਹਨ।