ਗੁਰਦਾਸਪੁਰ: ਭਾਵੇਂ ਕਿ ਪੰਜਾਬ ਵਿੱਚ ਕਈ ਥਾਈਂ ਸਿਆਸੀ ਪਾਰਟੀਆਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਹੋ ਚੁੱਕਾ ਹੈ ਪਰ ਹੁਣ ਮਾਝੇ ਦੀ ਧਰਤੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਵਿਚ ਵੀ ਕੁਝ ਅਜਿਹੇ ਹਾਲਾਤ ਬਣੇ ਹੋਏ ਹਨ। ਹਲਕਾ ਕਾਦੀਆਂ ਦੇ ਕਸਬਾ ਭੈਣੀ ਮੀਆਂ ਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਇਕ ਜ਼ੋਨ ਪੱਧਰ ਦੀ ਵੱਡੀ ਮੀਟਿੰਗ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਰਿਆੜ ਦੇ ਘਰ ਰੱਖੀ ਹੋਈ ਸੀ। ਜਦੋਂ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਹੋਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨਾਂ ਵੱਲੋਂ ਭੈਣੀ ਮੀਆਂ ਖਾਂ ਦੇ ਮੁੱਖ ਚੌਕ ਵਿੱਚ ਵੱਡਾ ਇਕੱਠ ਕਰਕੇ ਮੀਟਿੰਗਾਂ ਕਰਾਉਣ ਵਾਲੀਆਂ ਸਿਆਸੀ ਪਾਰਟੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਲਈ ਸਥਾਨਕ ਪੁਲਿਸ ਤੋਂ ਇਲਾਵਾ ਹਲਕਾ ਡੀਐਸਪੀ ਪਰਮਿੰਦਰ ਸਿੰਘ ਮੰਡ ਮੌਕੇ ‘ਤੇ ਪਹੁੰਚੇ ਅਤੇ ਹਲਾਤ ‘ਤੇ ਕਾਬੂ ਪਾਇਆ।
ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਰਿਆੜ ਦੇ ਘਰ ਵੱਲ ਨੂੰ ਰੋਸ ਮਾਰਚ ਕੱਢ ਦਿੱਤਾ। ਜਿਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਕੇਤਕ ਵਿਰੋਧ ਕਰਨ ਆਏ ਹਨ ਅਤੇ ਉਹ ਆਪਣਾ ਵਿਰੋਧ ਕਰਕੇ ਹੀ ਵਾਪਸ ਜਾਣਗੇ।