ਜ਼ਿਲ੍ਹਾ ਪੱਧਰ ਤੇ ਮਾਸਟਰ ਟਰੇਨਰਜ਼ ਨੂੰ ਪ੍ਰਦਾਨ ਕੀਤੀ ਗਈ ਸਿਖਲਾਈ
ਗੁਰਦਾਸਪੁਰ: 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਪੱਧਰੀ ਮਾਸਟਰ ਟਰੇਨਰਜ਼ ਅਤੇ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਜ਼ ਦੀ ਸਿਖਲਾਈ ਚੱਲ ਰਹੀ ਹੈ। ਇਸ ਦੇ ਮੱਦੇਨਜ਼ਰ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਸੂਬਾ ਪੱਧਰੀ ਮਾਸਟਰ ਟਰੇਨਰ ਅਮਿਤ ਮਹਾਜਨ ਵੱਲੋਂ ਪੋਲਿੰਗ ਪਾਰਟੀ ਅਤੇ ਵੋਟਾਂ ਵਾਲੇ ਦਿਨ ਪੋਲਿੰਗ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪੱਧਰ ਦੇ ਮਾਸਟਰ ਟਰੇਨਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ।
ਇਸ ਸਬੰਧੀ ਐਸਡੀਐਮ ਅਮਿਤ ਮਹਾਜਨ ਨੇ ਦੱਸਿਆ ਕਿ 2019 ਲੋਕ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨਾ, ਉਨਾਂ ਨੂੰ ਚੋਣ ਮਟੀਰੀਅਲ ਪ੍ਰਦਾਨ ਕਰਨਾ, ਪੋਲਿੰਗ ਸਟਾਫ਼ ਜਿਸ ਵਿੱਚ ਸਿਵਲ ਤੇ ਪੁਲਿਸ ਕਰਮਚਾਰੀ ਸ਼ਾਮਿਲ ਹੁੰਦੇ ਹਨ, ਉਨਾਂ ਨੂੰ ਗਰੁੱਪ ਵਾਈਜ਼ ਭੇਜਣਾ ਤੇ ਵਾਧੂ ਪੋਲਿੰਗ ਸਟਾਫ਼ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ।
ਅਮਿਤ ਮਹਾਜਨ ਨੇ ਕਿਹਾ ਕਿ ਵੋਟਾਂ ਵਾਲਾ ਦਿਨ ਬੁਹਤ ਅਹਿਮ ਹੁੰਦਾ ਹੈ ਤੇ ਪੋਲਿੰਗ ਪ੍ਰਬੰਧ ਸੁਚਾਰੂ ਬਣਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਹੁਤ ਸਾਰੇ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੇ ਪਹਿਲਾਂ ਵੀ ਚੋਣਾਂ ਕਰਵਾਈਆਂ ਹੁੰਦੀਆਂ ਹਨ ਪਰ ਫਿਰ ਵੀ ਚੋਣ ਅਮਲੇ ਨੂੰ ਨੇਪਰੇ ਚਾੜ੍ਹਣ ਲਈ ਕੋਈ ਢਿੱਲਮੱਠ ਨਹੀਂ ਵਰਤਣੀ ਚਾਹੀਦੀ ਹੈ।