ਗੁਰਦਾਸਪੁਰ : ਮੌਜੂਦਾ ਕਰਫ਼ਿਊ ਦੌਰਾਨ ਪ੍ਰਸ਼ਾਸਨ ਵੱਲੋਂ ਆਮ ਅਤੇ ਛੋਟੇ ਦੁਕਾਨਦਾਰਾਂ ਨੂੰ ਰਾਹਤ ਦਿੰਦਿਆਂ ਸਮੇਂ ਸਿਰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਜ਼ਿਲ੍ਹੇ ਅੰਦਰ ਬਹੁਤ ਸਾਰੇ ਦੁਕਾਨਦਾਰ ਅਜਿਹੇ ਵੀ ਹਨ ਜੋ ਬਿਨ੍ਹਾ ਆਪਣੀ ਵਾਰੀ ਤੋਂ ਦੁਕਾਨਾਂ ਖੋਲ੍ਹਣ, ਦੁਕਾਨ ਦਾ ਸਮਾਨ ਸੜਕ ਤੇ ਰੱਖਣ ਅਤੇ ਨਿਸ਼ਚਿਤ ਸਮੇਂ ਤੋਂ ਬਾਅਦ ਵੀ ਦੁਕਾਨਾਂ ਖੋਲ੍ਹਣ ਦੀ ਹਰਕਤਾਂ ਕਰ ਕੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਦੁਕਾਨਦਾਰਾਂ ਨੂੰ ਲੈ ਕੇ ਗੁਰਦਾਸਪੁਰ ਪ੍ਰਸ਼ਾਸਨ ਕਾਫ਼ੀ ਸਖ਼ਤ ਨਜ਼ਰ ਆ ਰਿਹਾ ਹੈ ਅਤੇ ਇਸ ਨੂੰ ਰੋਕਣ ਸਬੰਧੀ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਭੇਜੇ ਗਏ ਇਹ ਨੁਮਾਇੰਦੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਬਾਕਾਇਦਾ ਤੌਰ 'ਤੇ ਵਾਰਨਿੰਗ ਨੋਟਿਸ ਦਿੰਦਿਆਂ ਸਜ਼ਾ ਵਜੋਂ ਉਸ ਦੁਕਾਨਦਾਰ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਜੇਕਰ ਕੋਈ ਦੁਕਾਨਦਾਰ ਸਰਕਾਰੀ ਨੋਟਿਸ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਨੋਡਲ ਅਫ਼ਸਰ ਵੱਲੋਂ ਉਹ ਨੋਟਿਸ ਦੁਕਾਨ ਦੇ ਬਾਹਰ ਚਪਕਾ ਦਿੱਤਾ ਜਾਂਦਾ ਹੈ। ਜੇਕਰ ਦੋਸ਼ੀ ਦੁਕਾਨਦਾਰ ਇਸ ਨੋਟਿਸ ਬਾਰੇ ਅਗਲੇ 1 ਘੰਟੇ ਦੇ ਅੰਦਰ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦਾ ਤਾਂ ਉਸ ਦੀ ਦੁਕਾਨ ਨੂੰ ਅਗਲੇ 7 ਦਿਨਾਂ ਤੱਕ ਸੀਲ ਵੀ ਕਰ ਦਿੱਤਾ ਜਾਂਦਾ ਹੈ ਅਤੇ ਜੇਕਰ ਉਹ ਦੁਕਾਨਦਾਰ ਫਿਰ ਵੀ ਕਾਨੂੰਨ ਦੀ ਉਲੰਘਣਾ ਕਰਦਿਆਂ ਪ੍ਰਸ਼ਾਸਨਿਕ ਇਜਾਜ਼ਤ ਤੋਂ ਬਿਨ੍ਹਾ 7 ਦਿਨਾਂ ਦੇ ਅੰਦਰ ਅੰਦਰ ਦੁਕਾਨ ਖੋਲ੍ਹਦਾ ਪਾਇਆ ਜਾਂਦਾ ਹੈ। ਤਾਂ ਉਸ ਸਬੰਧੀ ਹੋਰ ਸਖ਼ਤ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਐੱਸ.ਡੀ.ਐਮ. ਗੁਰਦਾਸਪੁਰ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਧਾਰਾ 144 ਸੀ.ਆਰ.ਪੀ.ਸੀ 1973 ਅਧੀਨ ਅਗਲੇ ਹੁਕਮਾਂ ਤਕ ਕਰਫ਼ਿਊ ਲਗਾਇਆ ਹੈ। ਇਸ ਜ਼ਿਲ੍ਹੇ ਦੇ ਵਸਨੀਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਸਬੰਧੀ ਕੈਟਾਗਰੀ ਵਾਈਜ਼ ਵੰਡ ਅਤੇ ਸਮੇਂ ਸਬੰਧੀ ਢਿੱਲ ਦਿੱਤੀ ਗਈ ਹੈ। ਕੁੱਝ ਦੁਕਾਨਦਾਰ ਆਪਣੇ ਮਾਮੂਲੀ ਫ਼ਾਇਦੇ ਲਈ ਪ੍ਰਸ਼ਾਸਨਿਕ ਹੁਕਮਾਂ ਨੂੰ ਛਿੱਕੇ 'ਤੇ ਟੰਗ ਕੇ ਬਿਨਾਂ ਵਾਰੀ ਤੋਂ ਦੁਕਾਨਾਂ ਖੋਲ੍ਹ ਰਹੇ ਸਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਖ-ਵੱਖ ਨੋਡਲ ਅਫ਼ਸਰਾਂ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ ਅਤੇ ਇਹ ਨੋਡਲ ਅਫ਼ਸਰ ਗੁਰਦਾਸਪੁਰ ਦੀ ਗਦੂਦ ਅੰਦਰ ਪੈਂਦੀਆਂ ਦੁਕਾਨਾਂ ਦੀ ਚੈਕਿੰਗ ਕਰ ਰਹੇ ਹਨ।