ਗੁਰਦਾਸਪੁਰ: ਬਟਾਲਾ (Batala) ਦੇ ਅਧੀਨ ਪੈਂਦੇ ਪਿੰਡ ਜਾਦਪੁਰ ਵਿਖੇ ਇਕ 25 ਸਾਲਾ ਨੌਜਵਾਨ ਦੀ ਆਪਣੇ ਪਿੰਡ 'ਚ ਰਹਿਣ ਵਾਲੇ ਗੁਆਂਢੀ ਦੇ ਘਰ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਗੁਆਂਢੀਆਂ ਨੇ ਉਹਨਾਂ ਦੇ ਪੁੱਤ ਨੂੰ ਜ਼ਬਰਦਸਤੀ ਨਸ਼ੇ ਦੀ ਓਵਰਡੋਜ਼ (Drug overdose) ਦਿੱਤੀ ਜਿਸ ਨਾਲ ਉਸ ਦੀ ਮੌਤ ਹੋਈ ਹੈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਆਪਣੇ ਪੁੱਤ ਦੀ ਲਾਸ਼ ਲੈਕੇ ਸਿਵਲ ਹਸਪਤਾਲ ਬਟਾਲਾ ਪਹੁੰਚੇ ਤਾਂ ਉਹਨਾਂ ਦੀ ਕੋਈ ਸੁਣਵਾਈ ਨਾ ਹੁੰਦੀ ਹੋਈ ਨਜ਼ਰ ਆਈ ਤਾਂ ਉਹਨਾਂ ਵਲੋਂ ਸੰਬੰਧਿਤ ਪੁਲਿਸ ਥਾਣਾ ਅਚਲ ਸਾਹਿਬ ਵਿਖੇ ਥਾਣਾ ਦਾ ਘਿਰਾਓ ਕੀਤਾ ਗਿਆ।
ਮ੍ਰਿਤਕ ਦੀ ਮਾਂ ਅਤੇ ਹੋਰਨਾਂ ਪਰਿਵਾਰ ਦੇ ਮੈਂਬਰਾਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦਾ ਪੁੱਤ ਗੁਆਂਢ ਰਹਿੰਦੇ ਕਾਲੁ ਨਾਮ ਦੇ ਆਪਣੇ ਦੋਸਤ ਘਰ ਗਿਆ ਅਤੇ ਉਥੋਂ ਵਾਪਿਸ ਨਾ ਆਇਆ ਜਦੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਤਾ ਕਾਲੁ ਅਤੇ ਉਸਦੇ ਪਰਿਵਾਰ ਨੇ ਕੁਝ ਸਪਸ਼ਟ ਜਵਾਬ ਨਹੀਂ ਦਿਤਾ ਅਤੇ ਉਸ ਤੋਂ ਬਾਅਦ ਜਦੋਂ ਉਸਦੇ ਘਰ 'ਚ ਜਾਕੇ ਦੇਖਿਆ ਤਾ ਰਵਿੰਦਰ ਦੀ ਉਥੇ ਮੌਤ ਹੋ ਚੁਕੀ ਸੀ ਅਤੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੌਤ ਦਾ ਕਾਰਨ ਜ਼ਬਰਦਸਤੀ ਦਿਤੀ ਗਈ ਨਸ਼ੇ ਦੀ ਓਵਰਡੋਜ਼ ਹੈ। ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।