ਗੁਰਦਾਸਪੁਰ: ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਪਸਵਾਲ ਦੇ ਇੱਕ ਕਿਸਾਨ ਨੇ ਬਲਾਕ ਸੰਮਤੀ ਕਾਹਨੂੰਵਾਨ ਦੇ ਮੌਜੂਦਾ ਚੇਅਰਮੈਨ ਕੁਲਦੀਪ ਸਿੰਘ ਪਸਵਾਲ ਉੱਤੇ 6 ਲੱਖ ਰੁਪਏ ਦੀ ਰਕਮ ਹੜੱਪਦੇ ਹੋਏ ਉਸ ਦੀਆਂ ਲੱਤਾਂ-ਬਾਹਾਂ ਤੋੜਨ ਦੇ ਗੰਭੀਰ ਦੋਸ਼ ਲਗਾਏ ਹਨ। ਬੁੱਧਵਾਰ ਨੂੰ ਅਕਾਲੀ ਆਗੂ ਕਵਲਪ੍ਰੀਤ ਸਿੰਘ ਕਾਕੀ ਅਤੇ ਪੀੜਤ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਕੋਲੋਂ ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਕੁਲਦੀਪ ਸਿੰਘ ਨੇ 6 ਲੱਖ ਦੇ ਕਰੀਬ ਰਕਮ ਜ਼ਮੀਨ ਲੈਣ ਲਈ ਉਧਾਰ ਲਈ ਸੀ। ਹੁਣ ਜਦੋਂ ਉਨ੍ਹਾਂ ਨੇ ਆਪਣੀ ਉਧਾਰ ਦਿੱਤੀ ਰਕਮ ਵਾਪਸ ਮੰਗੀ ਤਾਂ ਕੁਲਦੀਪ ਸਿੰਘ ਨੇ ਬੰਦੇ ਭੇਜ ਕੇ ਉਸ ਦੇ ਮੁੰਡੇ ਹਰਦੀਪ ਸਿੰਘ ਦੀਆਂ ਲੱਤਾਂ-ਬਾਹਾਂ ਤੁੜਵਾ ਦਿਤੀਆਂ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਥੋਂ ਤੱਕ ਕਿ ਪੁਲਿਸ ਨੇ ਰਾਜਨੀਤਕ ਸ਼ਹਿ ਦੇ ਚਲਦਿਆਂ ਮਾਮਲਾ ਤੱਕ ਦਰਜ ਨਹੀਂ ਕੀਤਾ।
ਕਾਂਗਰਸੀ ਚੇਅਰਮੈਨ 'ਤੇ 6 ਲੱਖ ਰੁਪਏ ਹੜੱਪਣ ਅਤੇ ਜਾਨਲੇਵਾ ਹਮਲੇ ਦੇ ਲੱਗੇ ਦੋਸ਼ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਮਸਲਾ ਪੁਲਿਸ ਤੋਂ ਇਲਾਵਾ ਹਲਕਾ ਵਿਧਾਇਕ ਕਾਦੀਆਂ ਫਤਹਿਜੰਗ ਸਿੰਘ ਬਾਜਵਾ ਦੇ ਧਿਆਨ ਹਿੱਤ ਵੀ ਲਿਆਂਦਾ ਸੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਦਿਨਾਂ ਵਿੱਚ ਇਹ ਮਾਮਲਾ ਦਰਜ ਨਾ ਹੋਇਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸਮੇਤ ਥਾਣਾ ਭੈਣੀ ਮੀਆਂ ਖਾਨ ਦਾ ਘਿਰਾਓ ਕਰਨਗੇ।
ਕਾਂਗਰਸੀ ਚੇਅਰਮੈਨ 'ਤੇ 6 ਲੱਖ ਰੁਪਏ ਹੜੱਪਣ ਅਤੇ ਜਾਨਲੇਵਾ ਹਮਲੇ ਦੇ ਲੱਗੇ ਦੋਸ਼ ਹਸਪਤਾਲ ਵਿੱਚ ਜ਼ੇਰੇ ਇਲਾਜ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਜ਼ਮੀਨ ਪੱਕੀ ਕਰਵਾਉਣ ਨੂੰ ਲੈ ਕੇ ਉਸ ਨੇ ਕਾਹਨੂੰਵਾਨ ਦੇ ਮੌਜੂਦਾ ਕਾਂਗਰਸੀ ਚੇਅਰਮੈਨ ਕੁਲਦੀਪ ਸਿੰਘ ਨੂੰ ਕੁਝ ਸਾਲ ਪਹਿਲਾਂ 6 ਲੱਖ ਰੁਪਏ ਦਿੱਤੇ ਸਨ ਪਰ ਕਈ ਸਾਲ ਬੀਤ ਜਾਣ 'ਤੇ ਵੀ ਪੈਸੇ ਨਹੀਂ ਦਿੱਤੇ। ਜਦ ਹੁਣ ਉਸਨੇ ਪੈਸੇ ਮੰਗੇ ਤਾਂ ਚੇਅਰਮੈਨ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਹੋਏ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਵਾ ਕੇ ਲੱਤਾਂ-ਬਾਹਾਂ ਤੁੜਵਾ ਦਿੱਤੀਆਂ ਹਨ। ਪਰ ਪੁਲਿਸ ਨੇ ਮਾਮਲਾ ਵੀ ਦਰਜ ਨਹੀਂ ਕੀਤਾ ਹੈ। ਉਸਨੇ ਮੰਗ ਕੀਤੀ ਕਿ ਚੇਅਰਮੈਨ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ।
ਇਸ ਸਬੰਧੀ ਜਦੋਂ ਚੇਅਰਮੈਨ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਨੇ ਕਿਸੇ ਏਜੰਟ ਨੂੰ ਬਾਹਰ ਜਾਣ ਲਈ ਪੈਸੇ ਦਿੱਤੇ ਸਨ। ਪਰ ਏਜੰਟ ਨੇ ਉਸ ਨੂੰ ਕਿਸੇ ਹੋਰ ਮੁਲਕ ਭੇਜ ਦਿੱਤਾ ਸੀ। ਉਸ ਏਜੰਟ ਕੋਲੋਂ ਪੈਸਿਆਂ ਦੇ ਲੈਣ-ਦੇਣ ਵਿੱਚ ਉਨ੍ਹਾਂ ਨੇ ਹਰਦੀਪ ਸਿੰਘ ਦੀ ਕਈ ਵਾਰ ਮਦਦ ਕੀਤੀ ਪਰ ਹੁਣ ਹਰਦੀਪ ਸਿੰਘ ਦਾ ਪਰਿਵਾਰ ਉਨ੍ਹਾਂ 'ਤੇ ਹੀ ਉਲਟਾ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹਨ।
ਇਸ ਸਬੰਧੀ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਹਰਦੀਪ ਸਿੰਘ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਹਰਦੀਪ ਸਿੰਘ ਨੇ ਮੌਜੂਦਾ ਕਾਂਗਰਸੀ ਚੇਅਰਮੈਨ 'ਤੇ ਦੋਸ਼ ਲਾਏ ਹਨ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਆਰੋਪ ਸਾਬਤ ਹੋਣ ਤੋਂ ਬਾਅਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।