ਗੁਰਦਾਸਪੁਰ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ 24 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ ਜਿਸ ਦੌਰਾਨ ਉਹ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਕੰਮਾਂ ਦਾ ਜਾਇਜ਼ਾ ਲੈਣਗੇ।
ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਲਾਂਘੇ ਦੇ ਕੰਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਿੱਚ ਬਟਾਲਾ ਵਿੱਚ ਹੋਣ ਵਾਲੀ ਪੰਜਾਬ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ। ਰੰਧਾਵਾ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਹੋਰ ਜ਼ਿਲ੍ਹਿਆਂ ਵੱਲੋਂ 5 ਹਜ਼ਾਰ ਪੁਲਿਸ ਕਰਮਚਾਰੀ ਡੇਰਾ ਬਾਬਾ ਨਾਨਕ ਦੀ ਸੁਰੱਖਿਆ ਦਾ ਜਿੰਮਾ ਸੰਭਾਲਣਗੇ।
ਡੇਰਾ ਬਾਬਾ ਨਾਨਕ ਅਤੇ ਨੇੜਲੇ ਇਲਾਕਿਆਂ ਦੇ ਸਕੂਲ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਬੰਦ ਰਹਿਣਗੇ ਅਤੇ ਸਕੂਲਾਂ ਨੂੰ ਖਾਲੀ ਕਰਵਾ ਕੇ ਪੁਲਿਸ ਅਤੇ ਹੋਰ ਕਰਮਚਾਰੀਆਂ ਦੀ ਰਿਹਾਇਸ਼ ਬਣਾਈ ਜਾਵੇਗੀ। ਹਾਲਾਂਕਿ ਸਕੂਲਾਂ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੂੰ ਕੋਈ ਛੁੱਟੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਦੀ 1 ਨਵੰਬਰ ਤੋਂ 15 ਨਵੰਬਰ ਤੱਕ ਜ਼ਿਲ੍ਹੇ ਭਰ ਦਾ ਕੋਈ ਸਰਕਾਰੀ ਕਰਮਚਾਰੀ ਛੁੱਟੀ ਨਹੀਂ ਲੈ ਸਕੇਗਾ।
ਮੰਤਰੀ ਰੰਧਾਵਾ ਨੇ ਦੱਸਿਆ ਦੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਤੇ ਜਾਣ ਵਾਲੇ ਸ਼ਰਧਾਲੂਆਂ ਲਈ ਡੇਰਾ ਬਾਬਾ ਨਾਨਕ ਵਿੱਚ ਟੈਂਟ ਸਿਟੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਟੈਂਟ ਵਿੱਚ ਰਹਿਣ ਲਈ ਆਨਲਾਇਨ ਬੁਕਿੰਗ ਕਰਵਾਉਣੀ ਜ਼ਰੂਰੀ ਹੋਵੇਗੀ, ਜੋ ਕੁੱਝ ਹੀ ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰੰਧਾਵਾ ਨੇ ਦੱਸਿਆ ਦੀ ਡੇਰਾ ਬਾਬਾ ਨਾਨਕ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਲਈ ਪ੍ਰਸ਼ਾਸਨ ਵਲੋਂ 3 ਵੱਖ-ਵੱਖ ਹੈਲਪਲਾਇਨ ਨੰਬਰ ਜਾਰੀ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ ਦੋ ਉੱਤੇ ਵਟਸਐਪ ਰਾਹੀਂ ਵੀ ਸੰਗਤ ਜਾਣਕਾਰੀ ਜਾਂ ਸਹਾਇਤਾ ਪ੍ਰਾਪਤ ਕਰ ਸਕੇਗੀ।