ਗੁਰਦਾਸਪੁਰ : ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਭੁੱਲਦੀ ਜਾ ਰਹੀ ਹੈ । ਪਰ ਜ਼ਿਲ੍ਹਾ ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਇਕ ਅਜਿਹੀ ਗੈਲਰੀ ਹੈ। ਜਿਸ ਵਿੱਚ ਤੁਹਾਨੂੰ ਸ਼ਹੀਦਾਂ ਦੀ ਮੌਤ ਦੇ ਸਰਟੀਫੀਕੇਟਾਂ ਦੇ ਨਾਲ ਨਾਲ ਅਜਿਹੀਆਂ ਅਦੁੱਤੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਣਗੀਆਂ ਜੋ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੀਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੀਆਂ ਪੇਂਟਿੰਗਸ ਅਤੇ ਹੱਥ ਨਾਲ ਬਣਾਈਆਂ ਤਸਵੀਰਾਂ ਤੋਂ ਇਲਾਵਾ ਤੁਹਾਨੂੰ ਇੱਥੇ ਅਜ਼ਾਦੀ ਦੇ ਹਰ ਸ਼ਹੀਦ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਜੀਵਨ ਬਾਰੇ ਜਾਣਕਾਰੀ ਮਿਲੇਗੀ।
ਬਲਿਦਾਨਾਂ ਪ੍ਰਤੀ ਵੀ ਸਿਰ ਝੁਕੇ: ਇਹੋ ਨਹੀਂ ਉਹਨਾਂ ਦੀਆਂ ਮਾਂਵਾਂ ਦੀਆਂ ਤਸਵੀਰਾਂ, ਵੱਖ ਵੱਖ ਸ਼ਹੀਦਾਂ ਦੇ ਘਰਾਂ ਦੀਆਂ ਤਸਵੀਰਾਂ ਦੇ ਨਾਲ ਨਾਲ ਉਨ੍ਹਾਂ ਵੱਖ ਵੱਖ ਜੇਲ੍ਹਾਂ ਦੀਆਂ ਤਸਵੀਰਾਂ ਵੀ ਇੱਥੇ ਹਨ ਜਿੱਥੇ ਸ਼ਹੀਦਾਂ ਵੱਲੋਂ ਕੈਦ ਕੱਟੀ ਗਈ। ਸ਼ਹੀਦਾਂ ਨੂੰ ਦਿੱਤੇ ਗਏ ਦਰਦਨਾਕ ਤਸੀਹਿਆਂ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਸਕਦੇ ਹਨ, ਜਦ ਕਿ ਬੇੜੀਆਂ ਵਿੱਚ ਜਕੜੇ ਕੈਦੀ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇਖ ਕੇ ਦੇਸ਼ ਭਗਤਾਂ ਦੇ ਦੇਸ਼ ਲਈ ਕੀਤੇ ਗਏ ਬਲਿਦਾਨਾਂ ਪ੍ਰਤੀ ਵੀ ਸਿਰ ਝੁਕੇ ਬਿਨਾ ਨਹੀਂ ਰਹਿ ਸਕੇਗਾ। ਇਹ ਸਭ ਇਸ ਗੈਲਰੀ ਵਿਚ ਕਾਲੇਜ ਦੇ ਪ੍ਰਿੰਸਿਪਲ ਸਰਦਾਰ ਸਵਰਨ ਸਿੰਘ ਨੇ ਬਹੁਤ ਮਿਹਨਤ ਨਾਲ ਇਕੱਠਾ ਕੀਤਾ ਹੈ ਅਤੇ ਹੁਣ ਇਸ ਦੀ ਦੇਖ ਕਾਲਜ ਦੀਆਂ ਹੀ ਵਿਦਿਆਰਥੀਣਾਂ ਕਰ ਰਹੀਆਂ ਹਨ।
ਗੈਲਰੀ ਸ਼ੁਰੂ ਕੀਤੀ ਗਈ: ਦੱਸ ਦੇਈਏ ਕਿ ਬਾਬਾ ਰਿਆੜਕੀ ਕਾਲਜ ਵਿੱਚ ਕੋਈ ਅਧਿਆਪਕ ਨਹੀਂ ਹੈ, ਵੱਡੀਆਂ ਕਲਾਸਾਂ ਦੇ ਵਿਦਿਆਰਥੀ ਛੋਟੀਆ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਅਤੇ ਪ੍ਰੀਖਿਆ ਵਿੱਚ ਜੇਕਰ ਕੋਈ ਨਕਲ ਹੁੰਦੀ ਫੜ ਲਵੇ ਤਾਂ ਉਸਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਕਾਲਜ ਦੀ ਵਿਦਿਆਰਥਣ ਨੇ ਦੱਸਿਆ ਕਿ ਸ਼ਹੀਦਾਂ ਦੇ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਇਹ ਗੈਲਰੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਗੈਲਰੀ ਵਿਚ ਭਾਰਤ ਦੇ ਇਤਿਹਾਸ ਦੇ ਹਰ ਸ਼ਹੀਦ ਦੀ ਤਸਵੀਰ ਅਤੇ ਉਹਨਾਂ ਬਾਰੇ ਜਾਣਕਾਰੀ ਸੰਜੋ ਕੇ ਰੱਖੀ ਗਈ ਹੈ। ਇਹ ਗੈਲਰੀ ਸਾਨੂੰ ਸ਼ਹੀਦਾਂ ਦੇ ਬਲਿਦਾਨਾਂ ਨੂੰ ਯਾਦ ਰੱਖਣ ਦੀ ਪ੍ਰੇਰਨਾ ਦਿੰਦੀ ਹੈ।