ਗੁਰਦਾਸੁਪਰ: ਕੌਮਾਂਤਰੀ ਮੈਗਜ਼ੀਨ 'ਟਾਈਮ' ਵੱਲੋਂ ਆਪਣੇ ਕਵਰ ਪੇਜ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਇੰਡੀਆਜ਼ ਡਿਵਾਈਡਰ ਇੰਨ ਚੀਫ਼' ਲਿਖਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਵਿਖੇ ਚੋਣ ਰੈਲੀ ਦੌਰਾਨ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।
PM ਮੋਦੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਵਕਾਰ ਡੇਗਿਆ: ਕੈਪਟਨ - gurdaspur
ਗੁਰਦਾਸਪੁਰ ਵਿਖੇ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ 'ਤੇ ਵਰ੍ਹੇ ਕੈਪਟਨ। ਕੈਪਟਨ ਨੇ ਕਿਹਾ ਭਾਜਪਾ ਦੇ ਦਬਾਅ ਹੇਠ ਚੋਣ ਲੜ ਰਹੇ ਹਨ ਸੰਨੀ ਦਿਓਲ।
ਕੈਪਟਨ ਨੇ ਕਿਹਾ ਕਿ ਮੋਦੀ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੇ ਵਕਾਰ ਨੂੰ ਹੇਠਾਂ ਡੇਗ ਦਿੱਤਾ ਹੈ ਜਿਸ ਉੱਤੇ ਟਾਈਮ ਮੈਗਜ਼ੀਨ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਸਿਆਸੀ ਆਗੂਆਂ ਨੇ ਸੰਯੁਕਤ ਰਾਸ਼ਟਰ ਜਿਹੇ ਵਿਸ਼ਵ ਪੱਧਰੀ ਮੰਚਾਂ ਉੱਤੇ ਭਾਰਤ ਦੇ ਵਕਾਰ ਨੂੰ ਵਧਾਇਆ ਸੀ ਪਰ ਮੋਦੀ ਨੇ ਇਸ ਨੂੰ ਘਟਾ ਦਿੱਤਾ ਹੈ।
ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵੱਲੋਂ ਸੁਨੀਲ ਜਾਖੜ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਨੀ ਦਾ ਪੰਜਾਬ ਵਿੱਚ ਕੁਝ ਵੀ ਨਹੀਂ ਹੈ ਅਤੇ ਉਹ ਚੋਣਾਂ ਤੋਂ ਬਾਅਦ ਤੁਰੰਤ ਪੰਜਾਬ ਤੋਂ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਭਾਜਪਾ ਦੇ ਦਬਾਅ ਹੇਠ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੇ ਬੈਂਕਾਂ ਦੇ ਕਰੋੜਾਂ ਰੁਪਏ ਦੇਣੇ ਹਨ। ਕੈਪਟਨ ਨੇ ਕਿਹਾ ਕਿ ਸੰਨੀ ਦਿਓਲ ਨੂੰ ਸਿਆਸਤ ਬਾਰੇ ਕੁਝ ਵੀ ਨਹੀਂ ਪਤਾ ਅਤੇ ਉਨ੍ਹਾਂ ਨੂੰ ਬਾਲਾਕੋਟ ਹਮਲੇ ਦੀ ਵੀ ਕੋਈ ਜਾਣਕਾਰੀ ਨਹੀਂ ਹੈ |