ਗੁਰਦਾਸਪੁਰ: ਕਿਸੇ ਦੇਸ਼ ਜਾਂ ਸੂਬੇ ਦੀ ਤਰੱਕੀ ਲਈ ਦੋ ਚੀਜ਼ਾਂ ਨੂੰ ਮੁੱਖ ਦੱਸਿਆ ਜਾਂਦਾ ਹੈ, ਇੱਕ ਖੇਤੀ ਅਤੇ ਦੂਸਰਾ ਉਦਯੋਗ। ਕਾਂਗਰਸ ਸਰਕਾਰ ਵੱਲੋਂ ਨਵੇਂ ਤੇ ਪੁਰਾਣੇ ਉਦਯੋਗ ਦੇ ਮੁੜ ਵਸੇਬੇ ਲਈ ਬਹੁਤ ਵੱਡੇ-ਵੱਡੇ ਵਾਅਦੇ ਕਰਕੇ ਲੋਕਾਂ ਕੋਲੋਂ ਵੋਟਾਂ ਲੈ ਕੇ ਸੱਤਾ ਹਾਸਲ ਕੀਤੀ। ਹੁਣ ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਇਸੇ ਦੇ ਚੱਲਦਿਆਂ ਈਟੀਵੀ ਭਾਰਤ ਨੇ ਪੰਜਾਬ ਸਰਕਾਰ ਵੱਲੋਂ ਮੈਨੀਫ਼ੈਸਟੋ 'ਚ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੀ ਗਰਾਉਂਡ ਜ਼ੀਰੋ ਤੋਂ ਕਰਵੇਜ਼ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਗੁਰਦਾਸਪੁਰ ਵਿਚੋਂ ਕਈ ਲੋਕਾਂ ਨੇ 10 ਵਿਚੋਂ 8 ਜਦ ਕਿ ਕਈਆਂ ਨੇ 10 ਵਿੱਚੋਂ ਸਿਰਫ਼ 2 ਜਾਂ 3 ਨੰਬਰ ਦਿੱਤੇ।
ਜਦ ਆਮ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ। ਦੂਸਰੇ ਪਾਸੇ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਵੱਖ-ਵੱਖ ਸਕੀਮਾਂ ਲਿਆ ਕੇ ਪੂਰੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਸਿੱਟਾ ਜਲਦ ਵੇਖਣ ਨੂੰ ਮਿਲ ਸਕਦਾ ਹੈ। ਨਗਰ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਬਾਹਰੋਂ ਕੋਈ ਇੰਡਸਟਰੀ ਆਵੇਗੀ ਤਾਂ ਹੀ ਉਦਯੋਗ ਮੁੜ ਸ਼ੁਰੂ ਹੋਵੇਗਾ।