ਗੁਰਦਾਸਪੁਰ: ਆਪਣੇ ਪਰਿਵਾਰਾਂ ਤੋਂ ਦੂਰ ਦੇਸ਼ ਦੇ ਕਈ ਪ੍ਰਦੇਸ਼ਾਂ ਦੇ ਬਾਰਡਰ ਦੀ ਸੁਰੱਖਿਆ (Border Security) ਵਿੱਚ ਤੈਨਾਤ BSF ਦੇ ਜਵਾਨ ਅਤੇ ਅਫ਼ਸਰ ਇੱਕ ਪਾਸੇ ਪੂਰੀ ਮੁਸ਼ਤੈਦੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ, ਇਸ ਦੇ ਨਾਲ ਹੀ ਆਪਣੇ ਖਾਲੀ ਵਕਤ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਆਪਣੇ ਸਾਥੀਆਂ ਦੇ ਨਾਲ ਨੱਚ ਗਾ ਕੇ ਡਿਊਟੀ ਦੌਰਾਨ ਪਰੈਸ਼ਰ ਅਤੇ ਸਟਰੈੱਸ ਨੂੰ ਦੂਰ ਕਰਦੇ ਹਨ।
ਸੁਰੱਖਿਆ ਬਲ ਦੇ ਇਹ ਜਵਾਨ ਪੰਜਾਬ ਦੇ ਗੁਰਦਾਸਪੁਰ ਬਾਰਡਰ 'ਤੇ ਦੇਸ਼ ਭਗਤੀ ਦੇ ਗਾਣੇ ਗਾ ਕੇ ਬੋਨ ਫਾਇਰ ਦੇ ਆਲੇ ਦੁਆਲੇ ਨੱਚ ਗਾ ਕੇ ਆਪਣਾ ਮੰਨੋਰੰਜ਼ਨ ਕਰਦੇ ਹਨ। ਇਹ ਉਹ ਜਵਾਨ ਹਨ, ਜਿਨ੍ਹਾਂ ਦਾ ਜ਼ਿੰਮਾ ਦੇਸ਼ ਦੀ ਸੀਮਾ ਦੀ ਰੱਖਿਆ ਕਰਨਾ ਹੈ। ਆਪਣੇ ਪਰਿਵਾਰਾਂ ਤੋਂ ਦੂਰ ਗੁਰਦਾਸਪੁਰ ਦੇ ਬਾਰਡਰ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਇਹ ਜਵਾਨ 24 ਘੰਟਿਆਂ ਚੋਂ ਕਰੀਬ 18 ਘੰਟੇ ਦੇਸ਼ ਦੀ ਸੇਵਾ ਵਿੱਚ ਆਪਣੀ ਡਿਊਟੀ ਨਿਭਾਉਂਦੇ ਹਨ।
ਇਸ ਦੌਰਾਨ ਹਿੰਦੁਸਤਾਨ ਪਾਕਿਸਤਾਨ ਸੀਮਾ ਉੱਪਰ ਡਰੱਗ ਸਮਗਲਿੰਗ, ਹਥਿਆਰ ਸਮੱਗਲਿੰਗ, ਡਰੋਨ ਜਾਂ ਫਿਰ ਅਤਿਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਆਪਣੀ ਬਾਜ਼ ਵਰਗੀ ਨਜ਼ਰ ਹਮੇਸ਼ਾ ਬਾਰਡਰ ਤੇ ਰੱਖਦੇ ਹਨ।
ਜੇਕਰ ਗੱਲ ਗੁਰਦਾਸਪੁਰ ਬਾਰਡਰ (Gurdaspur Border) ਦੀ ਕਰੀਏ ਤਾਂ ਇਕ ਪਾਸੇ ਜੰਮੂ ਨਾਲ ਲਗਦੀ ਭਾਰਤ ਪਾਕਿਸਤਾਨ ਦੀ ਸੀਮਾ 'ਤੇ ਦੂਸਰੇ ਪਾਸੇ ਅੰਮ੍ਰਿਤਸਰ ਨਾਲ ਲੱਗਦੀ ਭਾਰਤ ਪਾਕਿਸਤਾਨ ਦੀ ਸੀਮਾ ਦੇ ਵਿਚਕਾਰ ਇਹ ਬਾਰਡਰ ਕਰੀਬ 138 ਕਿਲੋਮੀਟਰ ਵਿੱਚੋਂ 118 ਕਿਲੋਮੀਟਰ ਦਾ ਇਲਾਕਾ ਲੋਹੇ ਦੀਆਂ ਤਾਰਾਂ ਨਾਲ ਫੈਨਸ ਕੀਤਾ ਗਿਆ ਹੈ ਜਦ ਕਿ ਬਾਕੀ ਸੀਮਾ ਦਾ ਇਲਾਕਾ ਰਾਵੀ ਦਰਿਆ ਵਿਚੋਂ ਨਿਕਲਦਾ ਹੈ।