ਗੁਰਦਾਸਪੁਰ: ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਹਰ ਰੋਜ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਤਾਜ਼ੀ ਘਟਨਾ ਬਟਾਲਾ ਦੇ ਖਜੂਰੀ ਗੇਟ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਡਿਲਵਰੀ ਬੁਆਏ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਰਮਨ ਵੱਜੋਂ ਹੋਈ ਹੈ ਜੋ ਕਿ ਧਰਮ ਪੁਰਾ ਕਲੋਨੀ ਵਿਖੇ ਰਹਿੰਦਾ ਹੈ। ਜਾਣਕਾਰੀ ਮੁਤਾਬਿਕ ਹਰ ਰੋਜ ਦੀ ਤਰ੍ਹਾਂ ਪੀੜਤ ਲੜਕਾ ਡਿਲਵਰੀ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ 2 ਨੌਜਵਾਨ ਉਸ ਦਾ ਮੋਟਰਸਾਈਕਲ ਰੋਕ ਉਸ ਨਾਲ ਕੁੱਟਮਾਰ ਕਰਨ ਲੱਗੇ ਤੇ ਉਸ ਨੇ ਭੱਜ ਕੇ ਜਾਨ ਬਚਾਈ ਹੈ।
ਪੀੜਤ ਦਾ ਬਿਆਨ: ਜਾਣਕਾਰੀ ਦਿੰਦੇ ਪੀੜਤ ਰਮਨ ਨੇ ਦੱਸਿਆ ਕਿ ਉਹ ਬ੍ਰੈਡ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਸਪਲਾਈ ਕਰਨ ਲਈ ਨਿਕਲਿਆ ਅਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਖਜੂਰੀ ਗੇਟ ਪੈਟਰੋਲ ਪੰਪ ਕੋਲ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤਾ ਤੇ ਉਸ ਦੀ ਜੇਬ ਵਿੱਚੋਂ ਪੈਸੇ ਤੇ ਫੋਨ ਲੈ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਤੋਂ ਬਾਅਦ ਉਸ ਨੂੰ ਪਿਸਤੌਲ ਦਿਖਾਈ ਤੇ ਬਾਅਦ ਵਿੱਚ ਉਹ ਫਰਾਰ ਹੋ ਗਏ।