ਗੁਰਦਾਸਪੁਰ:ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਪੰਜਾਬ ਦੇ ਵਿਚ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖੀ ਹੋਈ ਹੈ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਵੀ ਜਾਰੀ ਹੈ। ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਕਾਦੀਆਂ ਦੀ ਸੀਟ ਨੂੰ ਲੈਕੇ ਦੋ ਭਰਾ ਫਤਹਿਜੰਗ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਆਹਮੋ-ਸਾਹਮਣੇ (Brothers Partap Singh, Fateh Jung) ਹਨ।
ਨਵਜੋਤ ਸਿੱਧੂ ਨੇ ਫਤਿਹਜੰਗ ਬਾਜਵਾ ਦੇ ਹੱਕ ’ਚ ਕੀਤਾ ਪ੍ਰਚਾਰ
ਕਾਦੀਆਂ ਹਲਕੇ ਤੋਂ ਫਤਿਹਜੰਗ ਸਿੰਘ ਬਾਜਵਾ ਮੌਜੂਦਾ ਵਿਧਾਇਕ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਹਨ। 2 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੇ ਕਾਦੀਆਂ ਹਲਕੇ ਵਿੱਚ ਪਹੁੰਚ ਕੇ ਫਤਹਿਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ 6 ਦਿਸੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਸਿਆਸਤ ਵਿੱਚ ਦੁਬਾਰਾ ਤੋਂ ਐਂਟਰੀ ਕਰਕੇ ਦਾਅਵਾ ਕੀਤਾ ਕਿ ਉਹ ਆਪਣੇ ਕਾਦੀਆਂ ਜੱਦੀ ਹਲਕੇ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕਮਾਂਡ ਵੱਲੋਂ ਚੋਣਾਂ ਲੜਨ ਦਾ ਇਸ਼ਾਰਾ ਮਿਲ ਚੁੱਕਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਫਤਿਹ ਬਾਜਵਾ ਕਿਸ ਹਲਕੇ ਤੋਂ ਚੋਣ ਲੜਦੇ ਹਨ ਇਹ ਫ਼ੈਸਲਾ ਹਾਈ ਕਮਾਂਡ ਕਰੇਗੀ। ਪ੍ਰਤਾਪ ਸਿੰਘ ਬਾਜਵਾ ਉਸੇ ਦਿਨ ਤੋਂ ਹੀ ਆਪਣੇ ਹਲਕਾ ਕਾਦੀਆਂ ਵਿਚ ਸਰਗਰਮ ਹਨ ਅਤੇ ਮੀਟਿੰਗਾਂ ਕਰ ਰਹੇ ਹਨ।
ਫਤਿਹਜੰਗ ਬਾਜਵਾ ਦਾ ਪ੍ਰਤਾਪ ਬਾਜਵਾ ਨੂੰ ਜਵਾਬ
ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਆਪਣੇ ਭਰਾ ਨੂੰ ਜਵਾਬ ਦਿੰਦੇ ਹੋਏ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਹਲਕਾ ਕਾਦੀਆਂ ਵਿਚ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਕਾਦੀਆਂ ਤੋਂ ਚੋਣਾਂ ਲੜਨ ਦਾ ਗ੍ਰੀਨ ਸਿਗਨਲ ਦੇ ਦਿੱਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਡੇ ਲੀਡਰ ਹਨ ਅਤੇ ਉਹ ਕਿਤੋਂ ਵੀ ਚੋਣ ਲੜ ਸਕਦੇ ਹਨ ਅਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਦੀਆਂ ਤੋਂ ਕੌਣ ਉਮੀਦਵਾਰ ਐਲਾਨਿਆ ਜਾਂਦਾ ਹੈ।